CM ਮਾਨ ਦੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਨਸੀਹਤ, '70 ਸਾਲ ਤੋਂ ਉਲਝੀ ਤਾਣੀ ਨੂੰ ਸੁਲਝਾਉਣਾ ਹੈ, 18-18 ਘੰਟੇ ਕੰਮ ਕਰੋ'
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੁਣੇ 92 ਵਿਧਾਇਕਾਂ ਨਾਲ ਮੀਟਿੰਗ ਕੀਤੀ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੁਣੇ 92 ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨਹੀਂ ਦੇਖਣਾ ਕਿ ਸਾਨੂੰ ਕਿਸ ਨੇ ਵੋਟ ਪਾਈ ਜਾਂ ਕਿਸ ਨੇ ਨਹੀਂ, ਜਿੱਥੇ ਸਮੱਸਿਆ ਹੈ, ਉੱਥੇ ਜਾਓ ਅਤੇ ਉਸ ਦਾ ਹੱਲ ਕਰੋ। ਉਹਨਾਂ ਨੇ ਵਿਧਾਇਕਾਂ ਨੂੰ ਵਕਤ ਦੇ ਪਾਬੰਦ ਬਣਨ ਦੀ ਹਦਾਇਤ ਦਿੰਦਿਆਂ ਕਿਹਾ ਕਿ ਅਸੀਂ 18-18 ਘੰਟੇ ਕੰਮ ਕਰਕੇ 70 ਸਾਲਾਂ ਤੋਂ ਉਲਝੀ ਤਾਣੀ ਨੂੰ ਠੀਕ ਕਰਨਾ ਹੈ। ਇਹ ਦੌੜ ਰੰਗਲਾ ਪੰਜਾਬ ਬਣਨ ਤੱਕ ਜਾਰੀ ਰੱਖਣੀ ਹੋਵੇਗੀ।
Cm Bhagwant Mann and Raghav Chadda
ਉਹਨਾਂ ਕਿਹਾ ਜੇ ਤੁਹਾਡੇ ਇਕ ਹਸਤਾਖ਼ਰ ਨਾਲ ਕਿਸੇ ਦੇ ਚੁੱਲ੍ਹੇ ਦੀ ਅੱਗ ਬਲਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਬਦਲਾਖੋਰੀ ਦੀ ਨੀਤੀ ਅਪਨਾਉਣਾ ਸਾਡਾ ਕੰਮ ਨਹੀਂ, ਅਸੀਂ ਲੋਕਾਂ ਨੂੰ ਡਰਾਉਣ ਲਈ ਨਹੀਂ ਆਏ। ਮੁੱਖ ਮੰਤਰੀ ਨੇ ਕਿਹਾ ਕਿ ਇਕ ਮਹੀਨੇ ਵਿਚ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਕਿਸੇ ਦੀ ਸਿਫਾਰਸ਼ ਨਾਲ ਕਿਸੇ ਹੋਰ ਦਾ ਹੱਕ ਨਹੀਂ ਮਾਰਿਆ ਜਾਣਾ ਚਾਹੀਦਾ। ਭਗਵੰਤ ਮਾਨ ਨੇ ਕਿਹਾ ਕਿ ਉਹ ਹਰ ਵਿਧਾਇਕ ਅਤੇ ਮੰਤਰੀ ਦਾ ਸਰਵੇ ਕਰਨਗੇ, ਜੇਕਰ ਅਪਣੀ ਸੀਟ ਪੱਕੀ ਕਰਨੀ ਹੈ ਤਾਂ ਜਨਤਾ ਨਾਲ ਪੱਕੀ ਦੋਸਤੀ ਕਰਨੀ ਹੋਵੇਗੀ।
CM Bhagwant Mann
ਇਸ ਤੋਂ ਇਲਾਵਾ ਉਹਨਾਂ ਕਿਹਾ ਸਾਨੂੰ ਦੱਬੇ-ਕੁਚਲੇ ਲੋਕਾਂ ਦੇ ਘਰਾਂ ਦੇ ਨਕਸ਼ੇ ਬਦਲਣੇ ਪੈਣਗੇ। ਹਰ ਹਲਕੇ ਦੇ ਵੱਡੇ ਕਸਬਿਆਂ ਵਿਚ ਦਫ਼ਤਰ ਖੋਲ੍ਹੇ ਜਾਣ। ਖੁਸ਼ੀਆਂ ਬਹੁਤ ਮਨਾ ਲਈਆਂ, ਹੁਣ ਕੰਮ ਕੀਤੇ ਜਾਣ। ਕੰਮ ਕਰਦੇ ਸਮੇਂ ਮਾਲਵਾ, ਮਾਝਾ ਜਾਂ ਦੁਆਬਾ ਖੇਤਰ ਅਤੇ ਜਾਤ ਨਹੀਂ ਦੇਖਣੀ ਚਾਹੀਦੀ। ਅਸੀਂ ਸਾਰੇ ਪੰਜਾਬ ਦੇ ਹਾਂ, ਇਸ ਲਈ ਸਭ ਦਾ ਕੰਮ ਕਰਨਾ ਹੈ।
CM Bhagwant Mann and Arvind Kejriwal's Meeting with MLAs and ministers
ਇਸ ਤੋਂ ਪਹਿਲਾਂ ਦਿੱਲੀ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ -ਅਸੀਂ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਦਾ ਪੰਜਾਬ ਸਿਰਜਾਂਗੇ। ਉਹਨਾਂ ਨੇ ਵਿਧਾਇਕਾਂ ਨੂੰ ਕਿਹਾ ਕਿ ਅਸੀਂ ਹੰਕਾਰ ਨਹੀਂ ਕਰਨਾ, ਅਸੀਂ ਸਿਰ ਝੁਕਾ ਕੇ ਲੋਕਾਂ ਕੋਲ ਜਾਣਾ ਹੈ। ਪੂਰੀ ਦੁਨੀਆਂ ਤੁਹਾਡੇ ਵੱਲ ਦੇਖ ਰਹੀ ਹੈ।