ਬਠਿੰਡਾ ਹਲਕੇ ਤੋਂ ਚੋਣ ਲੜਨ ਲਈ ਸਿੱਧੂ ਨੇ ਕੀਤਾ ਸਾਫ਼ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਤੋਂ ਜਾ ਕੇ ਚੋਣ ਲੜ ਕੇ ਉੱਥੋਂ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਸਕਦੇ: ਸਿੱਧੂ

Sidhu refuses to contest from Bathinda

ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਲੋਕਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਨ ਲਈ ਸਾਫ਼ ਮਨ੍ਹਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਦੇ ਵੋਟਰਾਂ ਨਾਲ ਉਹ ਨਿਆਂ ਕਰ ਸਕਦੇ ਹੋਣ ਸਿਰਫ਼ ਉੱਥੋਂ ਹੀ ਉਹ ਚੋਣਾ ਲੜਨਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਪਾਰਟੀ ਨੂੰ ਚੰਡੀਗੜ੍ਹ ਸੀਟ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਪਾਰਟੀ ਵਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿਤੀ ਗਈ।

ਇਸ ਗੱਲ ਦਾ ਕੋਈ ਪਛਤਾਵਾ ਨਹੀਂ ਪਰ ਚੰਡੀਗੜ੍ਹ ਜਾਂ ਅੰਮ੍ਰਿਤਸਰ ਸੀਟ ਤੋਂ ਉਹ ਚੋਣ ਲੜ ਸਕਦੇ ਸੀ ਕਿਉਂਕਿ ਇਹ ਹਲਕੇ ਸਾਡੇ ਅਪਣੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਜਾ ਕੇ ਚੋਣ ਲੜ ਕੇ ਅਸੀਂ ਉੱਥੋਂ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਸਕਦੇ। ਦਿੱਲੀ ਵਿਖੇ ਕਾਂਗਰਸ ਦੇ ਮੁੱਖ ਦਫ਼ਤਰ ਤੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਸੀਟ ਤੋਂ ਟਿਕਟ ਪਹਿਲਾਂ ਹੀ ਪਵਨ ਬਾਂਸਲ ਨੂੰ ਦਿਤੀ ਜਾ ਚੁੱਕੀ ਹੈ ਤੇ ਅੰਮ੍ਰਿਤਸਰ ਸੀਟ ਤੋਂ ਮੌਜੂਦਾ ਐਮ.ਪੀ. ਗੁਰਜੀਤ ਔਜਲਾ ਉਮੀਦਵਾਰ ਹਨ।

ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਉਹੀ ਕਰਾਂਗੇ ਜੋ ਪਾਰਟੀ ਕਹੇਗੀ ਪਰ ਅਸੀਂ ਸਿਰਫ ਉੱਥੋਂ ਹੀ ਚੋਣ ਲੜਾਂਗੇ ਜਿੱਥੋਂ ਦੇ ਵੋਟਰਾਂ ਨਾਲ ਨਿਆਂ ਕਰ ਸਕਦੇ ਹਾਂ। ਇੱਥੇ ਦੱਸ ਦਈਏ ਕਿ ਬਠਿੰਡਾ ਲੋਕਸਭਾ ਹਲਕੇ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਸੁਖਪਾਲ ਖਹਿਰਾ ਨੂੰ ਖੜਾ ਕੀਤਾ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅਜੇ ਤੱਕ ਕੋਈ ਉਮੀਦਵਾਰ ਫਾਈਨਲ ਨਹੀਂ ਹੋਇਆ ਹੈ।