ਝੂਠੇ ਵਾਅਦੇ ਕਰਨ ਵਾਲੀ ਸਰਕਾਰ ਨਹੀਂ ਚਾਹੀਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ, ਨਵੀਂ ਸਰਕਾਰ ਪ੍ਰਤੀ ਕੀ ਹੈ ਲੋਕਾਂ ਦੀ ਰਾਇ

We dont want lier government

ਅੰਮ੍ਰਿਤਸਰ: ਲੋਕ ਸਭਾ ਚੋਣਾਂ ਵਿਚ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਅਪਣੇ ਵੱਲ ਆਕਰਸ਼ਿਤ ਕਰਨ ਲਈ ਕਈ ਵਾਅਦੇ ਕਰਨ ਵਿਚ ਲੱਗੀਆਂ ਹੋਈਆਂ ਹਨ। ਲੋਕ ਰਾਜਨੀਤਿਕ ਪਾਰਟੀਆਂ ਤੋਂ ਕੀ ਚਾਹੁੰਦੇ ਹਨ, ਉਹਨਾਂ ਦੇ ਕੀ ਮੁੱਦੇ ਹਨ ਇਸ ਵੱਲ ਰਾਜਨੀਤੀ ਆਗੂ ਧਿਆਨ ਹੀ ਨਹੀਂ ਦਿੰਦੇ। ਇਸ ਬਾਬਤ ਲੋਕਾਂ ਨਾਲ ਗੱਲ ਵੀ ਕੀਤੀ ਗਈ ਸੀ ਜਿਸ ਵਿਚ ਲੋਕਾਂ ਦੇ ਵੱਖ ਵੱਖ ਬਿਆਨ ਸਨ। ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਅਜਿਹੀ ਹੋਣੀ ਚਾਹੀਦੀ ਹੈ ਜੋ ਲੋਕਾਂ ਬਾਰੇ ਸੋਚੇ।

ਲੋਕਾਂ ਨਾਲ ਝੂਠੇ ਵਾਅਦੇ ਨਾ ਕਰੇ। ਸੁਰਜੀਤ ਸ਼ਰਮਾ ਬੱਲੂ ਨਿਵਾਸੀ ਕਿਸ਼ਨ ਨਗਰ ਨੇ ਦਸਿਆ ਕਿ ਪਿਛਲੇ ਪੰਜ ਸਾਲਾਂ ਵਿਚ ਸਰਕਾਰ ਨੇ ਅਜਿਹੇ ਸੁਪਨੇ ਦਿਖਾਏ ਹਨ ਜੋ ਕਿ ਲੋਕਾਂ ਨੂੰ ਗੁਮਰਾਹ ਕਰਨ ਦੇ ਬਰਾਬਰ ਹਨ। ਹੁਣ ਵੀ ਰਾਜਨੀਤਿਕ ਪਾਰਟੀਆਂ ਸੁਪਨੇ ਦਿਖਾਉਣ ਵਿਚ ਲਗੀਆਂ ਹੋਈਆਂ ਹਨ। ਪਾਰਟੀਆਂ ਦੇ ਆਗੂ ਚਾਹੀਦਾ ਹੈ ਕਿ ਉਹ ਉਦਯੋਗ, ਰੁਜ਼ਗਾਰ, ਭ੍ਰਿਸ਼ਟਾਚਾਰ, ਦੇਸ਼ ਦੇ ਵਿਕਾਸ ਵਰਗੇ ਮੁੱਦਿਆਂ 'ਤੇ ਕੰਮ ਕਰਾਉਣ ਦੇ ਵਾਅਦੇ ਕਰੇ।

ਉਹਨਾਂ ਨੂੰ ਚਾਹੀਦਾ ਹੈ ਕਿ ਅਪਣੇ ਖੇਤਰ ਵਿਚ ਰੁਜ਼ਗਾਰ ਦੇ ਸਾਧਨਾਂ ਵੱਲ ਧਿਆਨ ਦੇਣ। ਰਮਨ ਵਸੀਕਾ ਨਿਵਾਸੀ ਬਟਾਲਾ ਰੋਡ ਨੇ ਦਸਿਆ ਕਿ ਸੁਰੱਖਿਆ ਬਲਾਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਅਪਰਾਧ ਨੂੰ ਰੋਕਣ ਲਈ ਕਾਨੂੰਨ ਬਣਨ, ਭ੍ਰਿਸ਼ਟਾਚਾਰ ਸਮਾਪਤ ਹੋਣਾ ਚਾਹੀਦਾ ਹੈ,  ਵਧ ਤੋਂ ਵੱਧ ਉਦਯੋਗ ਲਗਾਉਣੇ ਚਾਹੀਦੇ ਹਨ। ਗਲਤ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਮਨਜਿੰਦਰ ਸਿੰਘ ਨਿਵਾਸੀ ਮਜੀਠਾ ਰੋਡ ਨੇ ਕਿਹਾ ਕਿ ਝੂਠੇ ਵਾਅਦਿਆਂ ਵਾਲੀਆਂ ਰਾਜਨੀਤਿਕ ਪਾਰਟੀਆਂ ਤੋਂ ਬਚਣਾ ਚਾਹੀਦਾ ਹੈ। ਝੂਠ ਨਾਲ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ। ਪ੍ਰਦੀਪ ਸ਼ਰਮਾ, ਅਸ਼ਵਨੀ ਨੰਦ ਨੇ ਕਿਹਾ ਕਿ ਖੇਤੀ ਕਰਨ ਦੇ ਢੰਗਾਂ ਵਿਚ ਬਦਲਾਅ ਕਰਨੇ ਚਾਹੀਦੇ ਹਨ। ਬਲਜਿੰਦਰ ਸਿੰਘ ਅਤੇ ਨਿਰੇਸ਼ ਕੁਮਾਰ ਬਟਾਲਾ ਰੋਡ ਨੇ ਦਸਿਆ ਕਿ ਰਾਜਨੀਤਿਕ ਪਾਰਟੀਆਂ ਜੋ ਦੇਸ਼ ਦੇ ਅਸਲ ਮੁੱਦੇ ਹਨ ਉਹਨਾਂ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ।

ਸਮਾਜ ਵਿਚ ਜੋ ਕੁਰੀਤੀਆਂ ਫੈਲੀਆਂ ਹੋਈਆਂ ਹਨ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਵਧ ਤੋਂ ਵਧ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ। ਧਰਮ ਦੇ ਨਾਮ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜੇਕਰ ਅਜਿਹਾ ਹੋਵੇਗਾ ਤਾਂ ਹੀ ਦੇਸ਼ ਤਰੱਕੀ ਦੇ ਰਾਹ ਵਲ ਵਧੇਗਾ। ਇਹ ਸਭ ਸਰਕਾਰ ਦੇ ਯਤਨਾ ਸਦਕਾ ਹੀ ਸੰਭਵ ਹੋ ਸਕਦਾ ਹੈ। ਸਰਕਾਰ ਸਹੀ ਹੋਵੇਗੀ ਤਾਂ ਹੀ ਉਹ ਦੇਸ਼ ਦਾ ਭਲਾ ਸੋਚੇਗੀ।