ਪਟਿਆਲਾ 'ਚ ਪੇਂਟ ਦੀ ਦੁਕਾਨ ਤੋਂ ਲੁਟੇਰੇ ਪਿਸਤੌਲ ਦੀ ਨੋਕ ’ਤੇ ਨਕਦੀ ਦੇ ਮੋਬਾਈਲ ਖੋਹ ਕੇ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਸਹਾਰੇ ਦੋਸ਼ੀਆਂ ਤਕ ਪਹੁੰਚਣ ਦੀ ਕੋਸ਼ਿਸ਼

incident of robbery

ਪਟਿਆਲਾ: ਪਟਿਆਲਾ ‘ਚ ਅੱਜ ਤਿੰਨ ਨੌਜਵਾਨ ਦੁਕਾਨ ਵਿਚੋਂ ਪਿਸਤੌਲ ਦੀ ਨੌਕ ‘ਤੇ ਨਕਦੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਸਥਾਨਕ ਸਰਹਿੰਦ ਰੋਡ ਉਪਰ ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਦੁਪਿਹਰ ਬਾਅਦ ਵਾਪਰੀ ਇਸ ਘਟਨਾ ਵਿਚ ਤਿੰਨ ਨੌਜਵਾਨਾਂ ਬਰਨਾਲਾ ਪੇਂਟ ਅਤੇ ਹਾਰਡਵੇਅਰ ਦੀ ਦੁਕਾਨ ‘ਤੇ ਆਏ।

ਇਨ੍ਹਾਂ ਨੌਜਵਾਨਾਂ ਨੇ ਸ਼ਰ੍ਹੇਆਮ ਪਿਸਤੌਲ ਦੀ ਨੋਕ ’ਤੇ ਲੁਟ ਦੀ ਘਟਨਾ ਨੂੰ ਅੰਜ਼ਾਮ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਤਕਰੀਬਨ ਤਿੰਨ ਕੁ ਵਜੇ ਦੇ ਸਮੇਂ ਦੌਰਾਨ ਦੁਕਾਨ ‘ਤੇ ਤਿੰਨ ਨੌਜਵਾਨ ਆਉਂਦੇ ਹਨ ਅਤੇ  ਪਿਸਤੌਲ ਦੀ ਨੋਕ ਤੇ  ਕੁਝ ਨਕਦੀ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਜਾਂਦੇ ਹਨ। ਪੁਲਿਸ ਮੁਤਾਬਕ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਸ਼ਰ੍ਹੇਆਮ ਵਾਪਰੀ ਲੁੱਟ ਦੀ ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਤੇ ਪਹੁੰਚੇ ਥਾਣਾ ਤ੍ਰਿਪੜੀ ਦੇ ਐੱਸ ਐੱਚ ਓ ਹੈਰੀ ਬੋਪਾਰਾਏ ਨੇ ਸਾਰੀ ਜਾਣਕਾਰੀ ਮੀਡੀਆ ਨੂੰ ਦਿਤੀ।

ਇਸੇ ਦੌਰਾਨ ਦੁਕਾਨ ਮਾਲਕ ਨੇ ਦਸਿਆ ਕਿ ਇਹ ਘਟਨਾ ਅਚਾਨਕ ਵਾਪਰੀ ਅਤੇ ਜਦੋਂ ਤਕ ਉਨ੍ਹਾਂ ਨੂੰ ਇਸ ਦੀ ਸਮਝ ਆਈ, ਲੁਟੇਰੇ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ।