ਪਤਨੀ ਨੇ ਆਸ਼ਕ ਨਾਲ ਮਿਲ ਕੇ ਪਤੀ ਨੂੰ ਕਤਲ ਕਰ ਕੇ ਲਾਸ਼ ਰੇਲਵੇ ਲਾਈਨਾਂ 'ਤੇ ਸੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਦੀ ਅਸਫ਼ਲ ਕੋਸ਼ਿਸ਼, ਪੁਲਿਸ ਜਾਂਚ 'ਚ ਜੁਟੀ

Wife murdered her husband

ਕੋਟਕਪੂਰਾ : ਪਿੰਡ ਵਾਂਦਰ ਜਟਾਣਾ ਵਿਖੇ ਬੀਤੀ ਅੱਧੀ ਰਾਤ ਇਕ 3 ਬੱਚਿਆਂ ਦੇ ਨੌਜਵਾਨ ਪਿਤਾ ਦਾ ਦਰਦਨਾਕ ਕਤਲ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਪਿੰਡ ਵਾਸੀਆਂ ਅਤੇ ਪੁਲਿਸ ਦੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਪਤਨੀ ਨੇ ਅਪਣੇ ਆਸ਼ਕ ਹਰਮਨ ਸਿੰਘ ਵਾਸੀ ਬਰੀਵਾਲਾ ਨਾਲ ਰਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਲਈ ਕਾਤਲਾਂ ਨੇ ਮ੍ਰਿਤਕ ਦੀ ਲਾਸ਼ ਪਿੰਡ 'ਚੋਂ ਲੰਘਦੀਆਂ ਰੇਲਵੇ ਲਾਈਨਾਂ ਉੱਪਰ ਸੁੱਟ ਦਿਤੀ।

ਮ੍ਰਿਤਕ ਦੀ ਪਛਾਣ ਪਿੰਡ ਦੇ 35 ਸਾਲਾ ਨੌਜਵਾਨ ਸੁਖਦੇਵ ਸਿੰਘ ਸੁੱਖਾ ਪੁੱਤਰ ਬਲਦੇਵ ਸਿੰਘ ਵਜੋਂ ਹੋਈ ਹੈ। ਪਿੰਡ 'ਚ ਉਕਤ ਘਟਨਾ ਨਾਲ ਡਰ-ਭੈਅ ਅਤੇ ਸਹਿਮ ਦਾ ਮਾਹੌਲ ਪੈਦਾ ਹੋਣਾ ਸੁਭਾਵਕ ਹੈ ਕਿਉਂਕਿ ਰਾਜ ਮਿਸਤਰੀ ਦਾ ਧੰਦਾ ਕਰਦਾ ਉਕਤ ਨੌਜਵਾਨ ਅਪਣੇ ਪਰਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਪਤਾ ਲੱਗਾ ਹੈ ਕਿ ਰੇਲਵੇ ਕ੍ਰਮਚਾਰੀਆਂ ਨੇ ਅੱਧੀ ਰਾਤ ਕਰੀਬ 12:30 ਵਜੇ ਪਿੰਡ ਦੇ ਸਰਪੰਚ ਇੰਜੀ. ਜਗਜੀਤ ਸਿੰਘ ਸਹੋਤਾ ਤੇ ਉਸ ਦੇ ਪਿਤਾ ਦਰਸ਼ਨ ਸਿੰਘ ਸਹੋਤਾ ਮੈਂਬਰ ਜਿਲਾ ਪ੍ਰੀਸ਼ਦ ਨੂੰ ਸੂਚਿਤ ਕੀਤਾ ਕਿ ਪਿੰਡ ਦੇ ਕਿਸੇ ਨੌਜਵਾਨ ਦੀ ਲਾਸ਼ ਰੇਲਵੇ ਲਾਈਨ ਉੱਪਰ ਪਈ ਹੈ। ਰਾਤ ਨੂੰ ਤਾਂ ਉਕਤ ਮਾਮਲਾ ਖ਼ੁਦਕੁਸ਼ੀ ਦਾ ਹੀ ਜਾਪਿਆ ਪਰ ਜਦ ਸਵੇਰੇ ਰੇਲਵੇ ਲਾਈਨਾਂ ਦੇ ਨਾਲ ਲਗਦੀ ਜਗਾ ਉੱਪਰ ਗਹੁ ਨਾਲ ਦੇਖਿਆ ਗਿਆ ਕਿ ਉੱਥੇ ਖ਼ੂਨ ਡੁੱਲ੍ਹਿਆ ਹੋਇਆ ਹੈ।

ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਕਤ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਉਸ ਉੱਪਰ ਤਸ਼ੱਦਦ ਵੀ ਕੀਤਾ ਗਿਆ ਹੋਵੇ। ਮ੍ਰਿਤਕ ਨੌਜਵਾਨ ਦੇ ਤਿੰਨ ਨਾਬਾਲਗ਼ ਬੱਚੇ ਅਰਥਾਤ ਇਕ ਬੇਟੀ ਅਤੇ ਦੋ ਬੇਟੇ ਹਨ। ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਅਤੇ ਸਥਾਨਕ ਸਦਰ ਥਾਣੇ ਦੇ ਮੁਖੀ ਇੰਸ. ਗੁਰਮੀਤ ਸਿੰਘ ਨੇ ਮੰਨਿਆ ਕਿ ਮਾਮਲਾ ਖ਼ੁਦਕੁਸ਼ੀ ਦਾ ਨਹੀਂ ਬਲਕਿ ਕਤਲ ਦਾ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਪਤਨੀ ਤੇ ਉਸ ਦੇ ਆਸ਼ਕ ਵਿਰੁਧ ਆਈਪੀਸੀ ਦੀ ਧਾਰਾ 302/201/34 ਤਹਿਤ ਮਾਮਲਾ ਦਰਜ ਕਰ ਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਭੇਜੀ ਜਾ ਰਹੀ ਹੈ ਤੇ ਕਾਤਲਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।