ਔਰਤ ਵਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ 'ਆਪ' ਆਗੂ ਨੇ ਸਿਰੇ ਤੋਂ ਨਕਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਨੀਟ੍ਰੈਪ 'ਚ ਫਸਾ ਕੇ ਬਲੈਕਮੇਲ ਕਰਨ ਦੇ ਲਗਾਏ ਇਲਜ਼ਾਮ

Deep Kamboj

ਕਿਹਾ, ਔਰਤ ਨੇ ਰਾਜਸਥਾਨ ਪੁਲਿਸ ਕਾਂਸਟੇਬਲ ਅਹੁਦੇ ਤੋਂ ਮੁਅੱਤਲ ਹੋਣ ਮਗਰੋਂ ਸ਼ੁਰੂ ਕੀਤਾ ਇਹ ਧੰਦਾ 

ਮੋਹਾਲੀ : ਪੰਜਾਬ 'ਚ ਇਕ ਔਰਤ ਵਲੋਂ ਸਰੀਰਕ ਸ਼ੋਸ਼ਣ ਕਰਨ ਦੀ ਸ਼ਿਕਾਇਤ 'ਤੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਪੁਲਿਸ ਸਟੇਸ਼ਨ 'ਚ ਆਮ ਆਦਮੀ ਪਾਰਟੀ ਦੇ ਨੇਤਾ ਦੀਪ ਕੰਬੋਜ ਸਮੇਤ 4 ਨੇਤਾਵਾਂ ਵਿਰੁਧ ਐਫ਼.ਆਈ.ਆਰ. ਕੀਤੀ ਗਈ ਹੈ।ਸ਼੍ਰੀਗੰਗਾਨਗਰ ਦੀ ਰਹਿਣ ਵਾਲੀ ਔਰਤ ਦਾ ਦੋਸ਼ ਹੈ ਕਿ ਉਕਤ ਨੇਤਾਵਾਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ ਅਤੇ ਇਸ ਤੋਂ ਬਾਅਦ ਨੇਤਾ ਨੇ ਬਿਨਾਂ ਦੱਸੇ ਉਸ ਨੂੰ ਗਰਭਪਾਤ ਦੀ ਦਵਾਈ ਵੀ ਖੁਆ ਦਿਤੀ। ਔਰਤ ਦਾ ਦੋਸ਼ ਹੈ ਕਿ ਉਹ ਕਿਸੇ ਕੰਮ ਲਈ ਆਗੂ ਦੇ ਸੰਪਰਕ ਵਿਚ ਆਈ ਸੀ। ਕੰਮ ਦਿਵਾਉਣ ਦੇ ਬਹਾਨੇ ਉਹ ਉਸ ਦਾ ਸ਼ੋਸ਼ਣ ਕਰਦਾ ਰਿਹਾ।

ਸ਼੍ਰੀਗੰਗਾਨਗਰ ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਦੀਪ ਕੰਬੋਜ, ਵਿਜੇ ਕੰਬੋਜ, ਮੁਸਕਾਨ ਕੰਬੋਜ, ਅਮਨ ਕੰਬੋਜ ਵਿਰੁੱਧ ਧਾਰਾ 376, 313, 506, 354 ਅਤੇ 120ਬੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਔਰਤ ਨੇ ਵੀਰਵਾਰ ਨੂੰ ਅਬੋਹਰ 'ਚ ਪ੍ਰੈੱਸ ਕਾਨਫਰੰਸ ਕਰ ਕੇ ਦੀਪ ਕੰਬੋਜ 'ਤੇ ਸਰੀਰਕ ਸ਼ੋਸ਼ਣ ਵਰਗੇ ਗੰਭੀਰ ਦੋਸ਼ ਲਗਾਏ ਸਨ। ਔਰਤ ਦਾ ਕਹਿਣਾ ਹੈ ਕਿ ਉਹ ਉਸ ਨੂੰ ਪਹਿਲੀ ਵਾਰ ਦੀਪ ਕੰਬੋਜ ਦੇ ਦਫ਼ਤਰ 'ਚ ਇਕ ਵਾਰ ਮਿਲੀ ਸੀ, ਜਿਸ ਤੋਂ ਬਾਅਦ ਦੀਪ ਕੰਬੋਜ ਅਤੇ ਉਸ ਦੇ ਸਾਥੀ ਉਸ ਨੂੰ ਕੰਮ ਦਿਵਾਉਣ ਦੇ ਬਹਾਨੇ ਉਸ ਦਾ ਸਰੀਰਕ ਸ਼ੋਸ਼ਣ ਕਰਦੇ ਰਹੇ। ਦੀਪ ਕੰਬੋਜ ਨੇ ਸ਼੍ਰੀਗੰਗਾਨਗਰ ਅਤੇ ਚੰਡੀਗੜ੍ਹ ਵਿਚ ਉਸਦਾ ਸਰੀਰਕ ਸ਼ੋਸ਼ਣ ਕੀਤਾ।

'ਆਪ' ਆਗੂ ਦੀਪ ਕੰਬੋਜ ਨੇ ਸ਼ੁੱਕਰਵਾਰ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਕਰ ਕੇ ਔਰਤ ਵਲੋਂ ਲਗਾਏ ਗਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿਤਾ। ਉਸ ਨੇ ਕਿਹਾ ਕਿ ਔਰਤ ਹਨੀਟ੍ਰੈਪ ਦੀ ਮਾਸਟਰਮਾਈਂਡ ਹੈ ਅਤੇ ਉਸ ਨੇ ਉਸ ਨੂੰ ਵੀ ਫਸਾਇਆ ਹੈ। ਔਰਤ ਕਰੀਬ 6 ਮਹੀਨੇ ਪਹਿਲਾਂ ਉਸ ਦੇ ਸੰਪਰਕ ਵਿਚ ਆਈ ਸੀ। ਉਹ ਗੱਲਾਂ ਕਰਦੇ ਰਹੇ ਅਤੇ ਉਹ ਉਸ ਦੇ ਜਾਲ ਵਿਚ ਫਸ ਗਿਆ। ਔਰਤ ਨੇ ਉਸ ਤੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ। ਉਹ ਔਰਤ ਦੇ ਜਾਲ ਵਿਚ ਇੰਨਾ ਫਸ ਗਿਆ, ਜਿਥੋਂ ਉਸ ਲਈ ਨਿਕਲਣਾ ਮੁਸ਼ਕਿਲ ਹੋ ਗਿਆ।

ਦੀਪ ਕੰਬੋਜ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਔਰਤ ਨੇ ਇੱਕ ਮਹਿੰਗਾ ਫ਼ੋਨ ਮੰਗਿਆ, ਜੋ ਉਹ ਨਹੀਂ ਦੇ ਸਕਿਆ ਤਾਂ ਔਰਤ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿਤਾ। ਦੀਪ ਕੰਬੋਜ ਨੇ ਦਸਿਆ ਕਿ ਇਸ ਮਾਮਲੇ ਵਿਚ ਉਨ੍ਹਾਂ ਦੇ ਅਪਣੇ ਕੁਝ ਵਿਰੋਧੀ ਸ਼ਾਮਲ ਹਨ। ਦੀਪ ਕੰਬੋਜ ਨੇ ਵੀ ਉਨ੍ਹਾਂ ਦੇ ਨਾਂ ਲਏ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਹੀ ਔਰਤ ਨੂੰ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਉਣ ਲਈ ਉਕਸਾਇਆ ਸੀ। ਦੀਪ ਕੰਬੋਜ ਨੇ ਦਸਿਆ ਕਿ ਪਹਿਲਾਂ ਵੀ ਉਕਤ ਔਰਤ ਨੇ ਕਈ ਮਰਦਾਂ ਨੂੰ ਅਪਣਾ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲੀ ਜਾਣੀ ਹੈ।

ਦੀਪ ਕੰਬੋਜ ਨੇ ਦਸਿਆ ਕਿ 3 ਦਿਨ ਪਹਿਲਾਂ ਉਕਤ ਔਰਤ ਨੇ ਉਸ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਇਸ ਔਰਤ ਦੀ ਸੱਚਾਈ ਸਭ ਦੇ ਸਾਹਮਣੇ ਲਿਆਉਣ ਦਾ ਮਨ ਬਣਾਇਆ। ਦੀਪ ਨੇ ਦਸਿਆ ਕਿ ਉਹ 2 ਦਿਨ ਪਹਿਲਾਂ ਫ਼ਾਜ਼ਿਲਕਾ ਦੇ ਐਸਐਸਪੀ ਨੂੰ ਮਿਲਿਆ ਸੀ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਦਿਤੀ ਸੀ ਅਤੇ ਔਰਤ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਦੀਪ ਕੰਬੋਜ ਨੇ ਇਥੋਂ ਤਕ ਕਹਿ ਦਿਤਾ ਕਿ ਜੇਕਰ ਉਸ 'ਤੇ ਲੱਗੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਦਾ ਸਿਰ ਅਤੇ ਲੋਕਾਂ ਦੀ ਜੁੱਤੀ ਹੋਵੇਗੀ।

ਦੀਪ ਕੰਬੋਜ ਨੇ ਦਸਿਆ ਕਿ ਉਸ ਨੇ ਇਸ ਮਾਮਲੇ ਬਾਰੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਜਾਣੂ ਕਰਵਾਇਆ ਹੈ। ਦੀਪ ਕੰਬੋਜ ਨੇ ਔਰਤ 'ਤੇ ਇਹ ਵੀ ਦੋਸ਼ ਲਾਇਆ ਕਿ ਉਸ ਕੋਲ ਕਈ ਤਰ੍ਹਾਂ ਦੇ ਨਾਜਾਇਜ਼ ਹਥਿਆਰ ਵੀ ਹਨ। ਦੀਪ ਕੰਬੋਜ ਨੇ ਇਸ ਦੀ ਫੋਟੋ ਅਤੇ ਵੱਖ-ਵੱਖ ਵਿਅਕਤੀਆਂ ਨਾਲ ਗੱਲਬਾਤ ਦੇ ਸਬੂਤ ਵੀ ਪੱਤਰਕਾਰਾਂ ਨੂੰ ਦਿਖਾਏ। ਉਨ੍ਹਾਂ ਦਸਿਆ ਕਿ ਉਕਤ ਔਰਤ ਰਾਜਸਥਾਨ ਪੁਲਿਸ ਵਿਚ ਕਾਂਸਟੇਬਲ ਸੀ, ਜਿਸ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਇਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਹਨੀਟ੍ਰੈਪ ਦੇ ਕੇਸਾਂ ਵਿਚ ਫਸਾਉਣਾ ਸ਼ੁਰੂ ਕਰ ਦਿਤਾ।