ਲੁਧਿਆਣਾ 'ਚ ਹਨੀਟ੍ਰੈਪ ਗਿਰੋਹ ਦਾ ਪਰਦਾਫਾਸ਼, ਔਰਤ ਨੇ ਫੇਸਬੁੱਕ 'ਤੇ ਦੋਸਤੀ ਕਰਕੇ ਲੁੱਟਿਆ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਦਰਜ

photo

 

ਲੁਧਿਆਣਾ: ਲੁਧਿਆਣਾ 'ਚ ਪੁਲਿਸ ਨੇ ਹਨੀਟ੍ਰੈਪ 'ਚ ਫਸਾ ਕੇ ਪੈਸੇ ਹੜੱਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫੇਸਬੁੱਕ ਫਰੈਂਡ ਨੂੰ ਹਨੀ ਟ੍ਰੈਪ ਕਰਦੇ ਹੋਏ ਪੁਲਿਸ ਨੇ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਉਸ ਕੋਲੋਂ 1500 ਰੁਪਏ ਦੀ ਨਕਦੀ, ਇਕ ਮੋਬਾਈਲ ਫ਼ੋਨ ਅਤੇ ਇਕ ਸਾਈਕਲ ਲੁੱਟ ਲਿਆ ਸੀ। ਇੰਨਾ ਹੀ ਨਹੀਂ ਇਨ੍ਹਾਂ ਦੋਸ਼ੀਆਂ ਨੇ ਪੀੜਤ ਨੌਜਵਾਨ ਨੂੰ ਕੈਮਰੇ 'ਤੇ ਇਹ ਕਬੂਲ ਕਰਨ ਲਈ ਮਜ਼ਬੂਰ ਕੀਤਾ ਕਿ ਉਹ ਔਰਤ ਨਾਲ ਜਬਰ-ਜ਼ਨਾਹ ਕਰਨ ਦੀ ਨੀਅਤ ਨਾਲ ਘਰ 'ਚ ਦਾਖ਼ਲ ਹੋਇਆ ਅਤੇ ਉਸ ਨੂੰ ਬਲੈਕਮੇਲ ਕਰਕੇ 35,000 ਰੁਪਏ ਮੰਗੇ।

ਇਹ ਵੀ ਪੜ੍ਹੋ: ਖੰਨਾ ਵਿਚ 5 ਸਾਲਾ ਬੱਚੀ ਦੀ ਖੇਤਾਂ ਵਿਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਨੌਜਵਾਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕਟਾਣੀ ਕਲਾਂ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਡਿੰਪਲ ਕੁਮਾਰੀ ਉਰਫ ਪੂਜਾ (38) ਵਾਸੀ ਫਿਰੋਜ਼ਪੁਰ ਅਤੇ ਉਸ ਦੇ ਸਾਥੀ ਗੌਰਵ ਵਜੋਂ ਹੋਈ ਹੈ। ਉਹ ਇੱਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ।

ਇਹ ਵੀ ਪੜ੍ਹੋ: 'ਮੁਆਫ਼ ਕਰਨਾ ਪਾਪਾ ਮੇਰੇ ਕੋਲੋਂ ਨਹੀਂ ਹੋ ਪਾਵੇਗਾ', NEET ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ 

ਪੁਲਿਸ ਚੌਕੀ ਕਟਾਣੀ ਕਲਾਂ ਦੇ ਇੰਚਾਰਜ ਏਐਸਆਈ ਧਰਮਪਾਲ ਨੇ ਦਸਿਆ ਕਿ 30 ਸਾਲਾ ਸੰਨੀ ਕੁਮਾਰ ਵਾਸੀ ਹਮੀਰਪੁਰ, ਹਿਮਾਚਲ ਪ੍ਰਦੇਸ਼ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਤਾਜਪੁਰ ਰੋਡ ਸਥਿਤ ਭੋਲਾ ਕਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਉਹ ਇਕ ਕੰਪਨੀ ਵਿਚ ਕੰਮ ਕਰਦਾ ਹੈ ਜੋ ਆਯੁਰਵੈਦਿਕ ਸਿਹਤ ਉਤਪਾਦਾਂ ਦਾ ਨਿਰਮਾਣ ਕਰਦੀ ਹੈ।

ਸੰਨੀ ਨੇ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਫੇਸਬੁੱਕ 'ਤੇ ਮੁਲਜ਼ਮ ਦੇ ਸੰਪਰਕ ਵਿਚ ਆਇਆ ਸੀ ਅਤੇ ਉਸ ਨਾਲ ਦੋਸਤੀ ਹੋ ਗਈ ਸੀ। ਉਨ੍ਹਾਂ ਨੇ ਫ਼ੋਨ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਤੋਂ ਬਾਅਦ ਉਹ ਆਪਸ 'ਚ ਫੋਨ 'ਤੇ ਗੱਲ ਕਰਨ ਲੱਗੇ। ਔਰਤ ਨੇ ਉਸ ਨੂੰ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਅਤੇ ਇਥੇ ਕੋਹਾੜਾ ਵਿਚ ਇਕੱਲੀ ਰਹਿੰਦੀ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ 4 ਮਈ ਨੂੰ ਔਰਤ ਨੇ ਉਸ ਨੂੰ ਆਪਣੇ ਕਿਰਾਏ ਦੇ ਮਕਾਨ 'ਤੇ ਬੁਲਾਇਆ। ਜਦੋਂ ਉਹ ਉਥੇ ਪਹੁੰਚਿਆ ਤਾਂ ਔਰਤ ਦੇ ਦੋ ਸਾਥੀ ਪਹਿਲਾਂ ਹੀ ਉੱਥੇ ਮੌਜੂਦ ਸਨ। ਇਥੇ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 1500 ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਫੋਨ ਲੁੱਟ ਲਿਆ।
ਸ਼ਿਕਾਇਤਕਰਤਾ ਨੇ 9 ਮਈ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 1500 ਰੁਪਏ ਦੀ ਨਕਦੀ, ਪੀੜਤ ਦਾ ਮੋਬਾਇਲ ਫੋਨ ਅਤੇ ਇਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ। ਪੀੜਤ ਦੇ ਮੋਬਾਈਲ ਫੋਨ ਤੋਂ ਵੀਡੀਓ ਵੀ ਬਰਾਮਦ ਹੋਈ ਹੈ।

ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 384 (ਜਬਰਦਸਤੀ), 342 (ਗ਼ਲਤ ਤਰੀਕੇ ਨਾਲ ਕੈਦ), 506 (ਅਪਰਾਧਿਕ ਧਮਕੀ) ਅਤੇ 34 (ਕਈ ਵਿਅਕਤੀਆਂ ਵੱਲੋਂ ਸਾਂਝੇ ਇਰਾਦੇ ਨਾਲ ਕੀਤਾ ਗਿਆ ਕੰਮ) ਤਹਿਤ ਕੁਮਕਲਾਂ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅੱਜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰੇਗੀ।