ਬੰਦੀ ਸਿੰਘਾਂ ਦੀ ਪੱਕੀ ਪੈਰੋਲ ਲਈ ਰਾਹ ਦੇ ਰੋੜੇ ਹਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਬੇਹੁਰਮਤੀ ਕਾਂਡ ਦੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਡੱਕਣ ਤੋਂ ਬਾਅਦ .......

Balwant Singh Rajoana

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਬੇਹੁਰਮਤੀ ਕਾਂਡ ਦੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਡੱਕਣ ਤੋਂ ਬਾਅਦ ਬਾਹਰਲੀਆਂ ਜੇਲਾਂ ਵਿਚ ਨਜ਼ਰਬੰਦ ਸਿੰਘਾਂ ਨੂੰ ਸੂਬੇ ਵਿਚ ਤਬਦੀਲ ਕਰਾਉਣ ਲਈ ਗੰਭੀਰ ਹਨ। ਪੰਜਾਬ ਸਰਕਾਰ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬੰਦੀ ਸਿੰਘਾਂ ਨੂੰ ਪੱਕੀ ਪੈਰੋਲ ਦੇਣ ਲਈ ਮੌਜੂਦਾ ਕਾਨੂੰਨ ਵਿਚ ਸੋਧ ਕਰਨ ਦੀ ਤਿਆਰੀ ਵਿਚ ਜੁਟ ਗਈ ਹੈ। ਬਰਗਾੜੀ ਇਨਸਾਫ਼ ਮੋਰਚਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਸੂਚੀ ਸੌਂਪ ਦਿਤੀ ਗਈ ਹੈ। 

ਬਰਗਾੜੀ ਇਨਸਾਫ਼ ਮੋਰਚਾ ਦੇ ਆਗੂਆਂ ਦੇ ਵਫ਼ਦ ਨਾਲ ਇਕ ਮੀਟਿੰਗ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਹੁਰਮਤੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਭਰੋਸਾ ਦਿਤਾ ਸੀ। ਇਸ ਪੜਾਅ ਦੀ ਪਹਿਲੀ ਕਾਰਵਾਈ ਵਜੋਂ ਡੇਰਾ ਸੌਦਾ ਸਾਧ ਦੇ ਸ਼ਰਧਾਲੂ ਕਥਿਤ ਦੋਸ਼ੀਆਂ ਨੂੰ ਫੜ ਕੇ ਜੇਲਾਂ ਵਿਚ ਬੰਦ ਕਰ ਚੁੱਕੀ ਹੈ। ਮੋਰਚੇ ਦੇ ਆਗੂਆਂ ਨੇ ਮੰਗ ਪੱਤਰ ਵਿਚ ਰਾਜਸਥਾਨ ਪੈਟਰਨ 'ਤੇ ਪੰਜਾਬ ਗੁਡ ਕੰਡਕਟ ਪ੍ਰਿਜ਼ਨਰਜ਼ (ਟੈਂਪਰੇਰੀ ਰੀਲੀਜ਼) ਐਕਟ 1962 ਵਿਚ ਸੋਧ ਕਰਨ ਦਾ ਸੁਝਾਅ ਦਿਤਾ ਸੀ।

ਪੰਜਾਬ ਸਰਕਾਰ ਨੇ ਰਾਜਸਥਾਨ ਸਰਕਾਰ ਦੇ ਕਾਨੂੰਨ ਦੇ ਆਧਾਰ 'ਤੇ ਪੰਜਾਬ ਐਕਟ ਵਿਚ ਸੋਧ ਕਰਨ ਲਈ ਕੰਮ ਸ਼ੁਰੂ ਕਰ ਦਿਤਾ ਹੈ ਜਿਸ ਨੂੰ ਬਾਅਦ ਵਿਚ ਬਾਕਾਇਦਾ ਕਾਨੂੰਨ ਦਾ ਰੂਪ ਦੇ ਦਿਤਾ ਜਾਵੇਗਾ।  ਰਾਜਸਥਾਨ ਪ੍ਰਿਜ਼ਨਰਜ਼ ਰੀਲੀਜ਼ ਆਨ ਪੈਰੋਲ ਰੂਲਜ਼ 1958 ਤਹਿਤ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਪੱਕੀ ਰਿਹਾਈ ਦਿਤੀ ਜਾਂਦੀ ਹੈ। ਜੇਲ ਪ੍ਰਸ਼ਾਸਨ ਦੀ ਸਿਫ਼ਾਰਸ਼ 'ਤੇ ਕੈਦੀਆਂ ਦੇ ਨਾਂ ਇੰਸਪੈਕਟਰ ਜਨਰਲ ਜੇਲਾਂ ਦੀ ਅਗਵਾਈ ਵਿਚ ਬਣੀ ਕਮੇਟੀ ਨੂੰ ਸੌਂਪ ਦਿਤੇ ਜਾਂਦੇ ਹਨ।

ਇਸ ਕਮੇਟੀ ਵਿਚ ਗ੍ਰਹਿ ਵਿਭਾਗ ਦੇ ਡਿਪਟੀ ਸੈਕਟਰੀ, ਡਿਪਟੀ ਇੰਸਪੈਕਟਰ ਜਨਰਲ ਜੇਲਾਂ ਅਤੇ ਜੇਲ ਦੇ ਡਾਕਟਰ ਸਮੇਤ ਪ੍ਰੋਬੇਸ਼ਨ ਅਫ਼ਸਰ ਵੀ ਸ਼ਾਮਲ ਹੁੰਦੇ ਹਨ। ਕਮੇਟੀ ਨੂੰ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਪੱਕੀ ਪੈਰੋਲ ਦੇਣ ਦਾ ਅਧਿਕਾਰ ਦਿਤਾ ਗਿਆ ਹੈ ਪਰ ਨਾਲ ਹੀ ਪੈਰੋਲ ਦੌਰਾਨ ਗ਼ਲਤ ਗਤੀਵਿਧੀਆਂ ਵਿਚ ਸ਼ਮੂਲੀਅਤ ਦੇ ਸਬੂਤ ਮਿਲਣ 'ਤੇ ਉਸ ਨੂੰ ਮੁੜ ਜੇਲ ਡੱਕਣ ਦਾ ਹੱਕ ਕਮੇਟੀ ਕੋਲ ਰਾਖਵਾਂ ਹੈ। ਪੰਜਾਬ ਸਰਕਾਰ ਇਸੇ ਪੈਟਰਨ 'ਤੇ ਇਸ ਨੂੰ ਬਣਾਉਣ ਦੇ ਰਾਹ ਤੁਰ ਪਈ ਹੈ। 

ਸਰਕਾਰ ਪਹਿਲੇ ਪੜਾਅ ਵਜੋਂ ਬਾਹਰਲੀਆਂ ਜੇਲਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਸੂਬੇ ਵਿਚ ਤਬਦੀਲ ਕਰਵਾਏਗੀ ਜਿਸ ਨਾਲ ਉਨ੍ਹਾਂ ਦੀ ਪੱਕੀ ਪੈਰੋਲ ਦਾ ਰਾਹ ਪਧਰਾ ਹੋ ਜਾਵੇਗਾ। ਮੋਰਚੇ ਵਲੋਂ ਜਿਹੜੇ ਬੰਦੀ ਸਿੰਘਾਂ ਦੀ ਸਰਕਾਰੀ ਸੂਚੀ ਸੌਂਪੀ ਗਈ ਹੈ, ਉਨ੍ਹਾਂ ਕੋਲ ਚੰਗੇ ਆਚਰਣ ਦੀ ਕਲੀਨ ਚਿੱਟ ਹੈ। ਸੂਚੀ ਵਿਚ ਜਿਨ੍ਹਾਂ ਬੰਦੀ ਸਿੰਘਾਂ ਨੂੰ ਬਾਹਰਲੀਆਂ ਜੇਲਾਂ ਤੋਂ ਸੂਬੇ ਵਿਚ ਤਬਦੀਲ ਕੀਤੀ ਗਈ ਹੈ, ਉਨ੍ਹਾਂ ਵਿਚ ਤਿਹਾੜ ਜੇਲ ਵਿਚ ਨਜ਼ਰਬੰਦ ਦਯਾ ਸਿੰਘ ਲਾਹੌਰੀਆ, ਜਗਤਾਰ ਸਿੰਘ ਹਵਾਰਾ, ਕੇਂਦਰੀ ਜੇਲ ਜੈਪੁਰ ਵਿਚ ਬੰਦ ਹਰਨੇਕ ਸਿੰਘ ਭੱਪ, ਮੁਰਾਦਾਬਾਦ ਜੇਲ ਵਿਚ ਬੰਦ ਸੁਰਿੰਦਰ ਸਿੰਘ ਛਿੰਦਾ, ਸਤਨਾਮ ਸਿੰਘ ਤੇ ਦਿਆਲ ਸਿੰਘ ਸ਼ਾਮਲ ਹਨ।

ਪੰਜਾਬ ਅਤੇ ਚੰਡੀਗੜ੍ਹ ਦੀਆਂ ਜੇਲਾਂ ਵਿਚ ਬੰਦ ਸਿੰਘਾਂ ਦੇ ਨਾਂ ਲਾਲ ਸਿੰਘ ਨਾਭਾ ਜੇਲ, ਦਿਲਬਰ ਸਿੰਘ ਨਾਭਾ ਜੇਲ, ਦਵਿੰਦਰਪਾਲ ਸਿੰਘ ਭੁੱਲਰ ਕੇਂਦਰੀ ਜੇਲ ਅੰਮ੍ਰਿਤਸਰ, ਗੁਰਦੀਪ ਸਿੰਘ ਖੇੜਾ ਕੇਂਦਰੀ ਜੇਲ ਅੰਮ੍ਰਿਤਸਰ, ਲਖਵਿੰਦਰ ਸਿੰਘ ਬੁੜੈਲ ਜੇਲ, ਗੁਰਮੀਤ ਸਿੰਘ ਬੁੜੈਲ ਜੇਲ, ਸ਼ਮਸ਼ੇਰ ਸਿੰਘ ਬੁੜੈਲ ਜੇਲ, ਪਰਮਜੀਤ ਸਿੰਘ ਭਿਉਰਾ ਬੁੜੈਲ ਜੇਲ, ਸੁਬੇਗ ਸਿੰਘ ਕੇਂਦਰੀ ਜੇਲ ਪਟਿਆਲਾ, ਨੰਦ ਸਿੰਘ ਕੇਂਦਰੀ ਜੇਲ ਪਟਿਆਲਾ, ਬਲਵੰਤ ਸਿੰਘ ਰਾਜੋਆਣਾ ਕੇਂਦਰੀ ਜੇਲ ਪਟਿਆਲਾ, ਜਗਤਾਰ ਸਿੰਘ ਤਾਰਾ ਬੁੜੈਲ ਜੇਲ ਅਤੇ ਬਲਬੀਰ ਸਿੰਘ ਬੀਰਾ ਨਾਭਾ ਜੇਲ ਦੱਸੇ ਗਏ ਹਨ। 

ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਗਿਲਾ ਹੈ ਕਿ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਇਕ ਗੈਂਗਸਟਰ ਨੂੰ ਫੜਨ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰ ਕੇ ਲੋਕਾਂ ਨੂੰ ਜਾਣਕਾਰੀ ਤਾਂ ਦੇ ਦਿਤੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਬੇਹੁਰਮਤੀ ਕਾਂਡ ਦੇ ਦੋਸ਼ੀਆਂ ਨੂੰ ਫੜ ਕੇ ਵੀ ਲੋਕਾਂ ਨੂੰ ਇਹ ਪ੍ਰਾਪਤੀ ਦੱਸਣ ਦੀ ਵੀ ਲੋੜ ਨਹੀਂ ਸਮਝੀ। 

ਵਕੀਲ ਹਰਪਾਲ ਸਿੰਘ ਚੀਮਾ ਅਤੇ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਸੂਚੀ ਕੈਬਨਿਟ ਮੰਤਰੀ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਰਾਹੀਂ ਪੁਜਦੀ ਕਰ ਦਿਤੀ ਹੈ। ਬਾਜਵਾ ਦਾ ਕਹਿਣਾ ਹੈ ਕਿ ਇਸ ਨਾਜ਼ੁਕ ਮਾਮਲੇ 'ਤੇ ਉਹ ਕੋਈ ਵੀ ਟਿਪਣੀ ਕਰਨ ਤੋਂ ਗੁਰੇਜ਼ ਕਰਨਗੇ ਪਰ ਮੁੱਖ ਮੰਤਰੀ ਵਲੋਂ ਦਿਤੀ ਕੋਈ ਵੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਵਚਨਬੱਧ ਹੈ।