ਭਾਰਤ ਤੋਂ ਮਹਿਲਾਵਾਂ ਦੀ ਵਿਦੇਸ਼ ਵਿਚ ਤਸਕਰੀ ਦਾ ਪਰਦਾਫਾਸ਼, ਹੁਣ ਤੱਕ 23 ਮਹਿਲਾਵਾਂ ਨੂੰ ਕੀਤਾ ਗਿਆ ਰੈਸਕਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

19 ਫ਼ਰਜ਼ੀ ਟਰੈਵਲ ਏਜੰਟਾਂ ’ਤੇ ਮਾਮਲਾ ਦਰਜ, 9 ਹੁਣ ਤੱਕ ਕੀਤੇ ਗਏ ਗ੍ਰਿਫ਼ਤਾਰ

photo

 

ਮੁਹਾਲੀ :  ਸੁਨਹਿਰੀ ਭਵਿੱਖ ਬਣਾਉਣ ਲਈ ਅਕਸਰ ਹੀ ਨੌਜੁਆਨ ਵਿਦੇਸ਼ਾਂ ਦਾ ਰੁੱਖ ਕਰਦੇ ਹਨ, ਨਾਲ ਹੀ ਕਈ ਮਹਿਲਾਵਾਂ ਵੀ ਆਪਣੇ ਪਰਵਾਰ ਦਾ ਗੁਜ਼ਾਰਾ ਕਰਨ ਲਈ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਣ ਲਈ ਅਰਬ ਦੇਸ਼ਾਂ ਦਾ ਰੁੱਖ ਕਰਦੀਆਂ ਹਨ। ਪਰ ਬਾਅਦ ਵਿਚ ਉਹ ਉੱਥੇ ਜਾ ਕੇ ਅਜਿਹਾ ਫਸਦੀਆਂ ਹਨ ਕਿ ਆਪਣਾ ਪੂਰਾ ਭਵਿੱਖ ਬਰਬਾਦ ਕਰ ਲੈਂਦੀਆਂ ਹਨ। 

ਅਜਿਹੇ ਹੀ ਲਗਾਤਾਰ ਮਾਮਲੇ ਪੰਜਾਬ ਭਰ ਤੋਂ ਓਮਾਨ ਤੋਂ ਸਾਹਮਣੇ ਆ ਰਹੇ ਹਨ, ਜਦੋਂ ਪੰਜਾਬ ਪੁਲਿਸ ਅਤੇ ਸੰਨ ਫਾਊਂਡੇਸ਼ਨ ਦੀ ਮਦਦ ਨਾਲ ਹੁਣ ਤੱਕ 24 ਮਹਿਲਾਵਾਂ ਨੂੰ ਸੁਰੱਖਿਅਤ ਆਪਣੇ ਘਰਾਂ ਦੇ ਵਿਚ ਪਹੁੰਚਾਇਆ ਜਾ ਚੁਕਾ ਹੈ। ਪੰਜਾਬ ਪੁਲਿਸ ਵਲੋਂ ਇਸ ਸਬੰਧੀ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਮੁਖੀ ਲੁਧਿਆਣਾ ਰੇਂਜ ਦੇ ਆਈ.ਜੀ. ਡਾਕਟਰ ਕੌਸਤੁਭ ਸ਼ਰਮਾ ਹਨ। ਜਿਨ੍ਹਾਂ ਵਲੋਂ ਇਸ ਕੇਸ ਬਾਰੇ ਅਹਿਮ ਖੁਲਾਸੇ ਕੀਤੇ ਗਏ ਨੇ। 

ਹੁਣ ਤੱਕ ਇਸ ਮਾਮਲੇ ਦੇ ਵਿਚ 24 ਮਹਿਲਾਵਾਂ ਨੂੰ ਰਿਕਵਰ ਕੀਤਾ ਜਾ ਚੁੱਕਾ ਹੈ, ਸਾਰੀਆਂ ਹੀ ਮਹਿਲਾਵਾਂ ਓਮਾਨ ਵਿਚ ਫਸੀਆਂ ਹੋਈਆਂ ਸਨ, ਸੰਨ ਫਾਊਂਡੇਸ਼ਨ ਦੀ ਮਦਦ ਦੇ ਨਾਲ ਪੁਲਿਸ ਵਲੋਂ ਇਨ੍ਹਾਂ ਨੂੰ ਆਪਣੇ ਘਰਾਂ ਤੱਕ ਸੁਰੱਖਿਅਤ ਪਹੁੰਚਾਇਆ ਗਿਆ ਹੈ। ਹੁਣ ਤੱਕ ਇਸ ਮਾਮਲੇ ਦੇ ਅੰਦਰ ਐਸ.ਆਈ.ਟੀ. ਵਲੋਂ 19 ਮਾਮਲੇ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤੇ ਗਏ ਹਨ ਅਤੇ 9 ਫ਼ਰਜ਼ੀ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਮਨੁੱਖੀ ਤਸਕਰੀ ਦਾ ਵੱਡਾ ਮਾਮਲਾ ਹੈ। ਜਿਸ ਵਿਚ ਮਹਿਲਾਵਾਂ ਨੂੰ ਰੁਜ਼ਗਾਰ ਦਾ ਲਾਰਾ ਲਗਾ ਕੇ ਅਰਬ ਦੇਸ਼ਾਂ ਵਿਚ ਭੇਜਿਆ ਜਾਂਦਾ ਸੀ ਅਤੇ ਫਿਰ ਉਥੇ ਉਹਨਾਂ ਨੂੰ ਬੰਧੂਆ ਬਣਾ ਕੇ ਬਿਨਾਂ ਕਿਸੇ ਪੈਸੇ ਦਿਤੇ ਕੰਮ ਕਰਵਾਇਆ ਜਾ ਰਿਹਾ ਸੀ।