Punjab News: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; ਦੋ ਧਿਰਾਂ ਵਲੋਂ ਗੋਲੀਆਂ ਚੱਲਣ ਤੋਂ ਬਾਅਦ ਚਿੜੀ ਤੇ ਹੈਪੀ ਨੂੰ ਹਿਰਾਸਤ ’ਚ ਲਿਆ
ਉਹਨਾ ਦਾ ਤੀਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।
Punjab News (ਗੁਰਿੰਦਰ ਸਿੰਘ) : ਦਿਨ ਦਿਹਾੜੇ ਪੁਲਿਸ ਦਾ ਫਿਰੋਤੀ ਅਤੇ ਲੁੱਟ ਖੋਹ ਦੇ ਮਾਮਲਿਆਂ ’ਚ ਲੋੜੀਂਦੇ ਮੁਲਜ਼ਮਾ ਨਾਲ ਮੁਕਾਬਲਾ ਹੋ ਗਿਆ, ਦੋਨਾਂ ਪਾਸਿਆਂ ਤੋਂ ਹੋਈ ਗੋਲਾਬਾਰੀ ਤੋਂ ਬਾਅਦ ਪੁਲਿਸ ਨੇ ਦੋ ਮੁਲਜਮਾਂ ਨੂੰ ਅਸਲੇ ਸਮੇਤ ਕਾਬੂ ਕਰ ਲਿਆ, ਜਦਕਿ ਉਹਨਾ ਦਾ ਤੀਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।
ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਫਰੀਦਕੋਟ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਫਰੀਦਕੋਟ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਲੜਕੇ ਕੋਟਕਪੂਰਾ-ਜੈਤੋ ਸੜਕ ’ਤੇ ਸਥਿੱਤ ਪਿੰਡ ਢੈਪਈ ਵਾਲੀ ਨਹਿਰ ’ਤੇ ਘੁੰਮ ਰਹੇ ਹਨ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ। ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸ. ਹਰਬੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਉਕਤ ਲੜਕਿਆਂ ਨੇ ਦਰੱਖਤ ਦਾ ਆਸਰਾ ਲੈ ਕੇ ਪੁਲਿਸ ਉੱਪਰ ਗੋਲੀ ਚਲਾ ਦਿਤੀ। ਪੁਲਿਸ ਪਾਰਟੀ ਦੇ ਬੁਲਟ ਪਰੂਫ਼ ਜੈਕਟਾਂ ਪਾਈਆਂ ਹੋਈਆਂ ਸਨ।
ਪੁਲਿਸ ਵਲੋਂ ਵੀ ਜਵਾਬੀ ਗੋਲੀਆਂ ਚਲਾਈਆਂ ਗਈਆਂ ਤਾਂ ਪਰਮਿੰਦਰ ਚਿੜੀ ਦੀ ਬਾਂਹ, ਜਦਕਿ ਹੈਪੀ ਦੇ ਪੈਰ ਵਿਚ ਲੱਗੀ ਗੋਲੀ ਕਾਰਨ ਉਹ ਜਖਮੀ ਹੋ ਗਏ, ਜਿੰਨਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਪਰ ਉਹਨਾਂ ਦਾ ਤੀਜਾ ਸਾਥੀ ਮਹਿਕਦੀਪ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਅਤੇ ਇੰਸ. ਹਰਬੰਸ ਸਿੰਘ ਨੇ ਦੱਸਿਆ ਕਿ ਮਹਿਕਦੀਪ ਦਾ ਪਿਸਤੌਲ ਵਾਰਦਾਤ ਵਾਲੇ ਸਥਾਨ ’ਤੇ ਡਿੱਗ ਪਿਆ ਸੀ।
ਉਨ੍ਹਾਂ ਦਸਿਆ ਕਿ ਉਕਤਾਨ ਲੜਕਿਆਂ ਦੇ ਤਿੰਨ 32 ਬੌਰ ਦੇ ਆਟੋਮੈਟਿਕ ਪਿਸਤੌਲ ਅਤੇ 10 ਜ਼ਿੰਦਾ ਰੌਂਦ ਵੀ ਬਰਾਮਦ ਕਰ ਕੇ ਚਿੜੀ ਅਤੇ ਹੈਪੀ ਨੂੰ ਇਲਾਜ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਉਕਤ ਲੜਕਿਆਂ ਦਾ ਪਿਛੋਕੜ ਵੀ ਅਪਰਾਧਿਕ ਹੈ ਅਤੇ ਇਹਨਾ ਦਾ ਪਿਛਲੇ ਦਿਨੀਂ 24 ਮਈ ਨੂੰ ਕੋਟਕਪੂਰਾ ਵਿਖੇ ਇਕ ਕਾਰ ਉੱਪਰ ਚਲਾਈ ਗੋਲੀ ਵਾਲੀ ਵਾਰਦਾਤ ਨਾਲ ਵੀ ਸਬੰਧ ਹੈ। ਉਨ੍ਹਾਂ ਦਸਿਆ ਕਿ ਅਦਾਲਤ ਤੋਂ ਰਿਮਾਂਡ ਪ੍ਰਾਪਤ ਕਰਨ ਉਪਰੰਤ ਉਕਤਾਨ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿਚ ਵਾਪਰੀਆਂ ਹੋਰ ਇਸ ਤਰਾਂ ਦੀਆਂ ਘਟਨਾਵਾਂ ਦਾ ਸੁਰਾਗ ਲਾਇਆ ਜਾ ਸਕੇ।