Punjab Weather News: ਪੰਜਾਬ ’ਚ ਕਈ ਥਾਈਂ ਮੀਂਹ ਨਾਲ ਰਾਹਤ ਪਰ ਗਰਮੀ ਵੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਬ ’ਚ ਸ਼ਾਮ ਸਮੇਂ ਕਈ ਥਾਈਂ ਮੀਂਹ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਈ।

File Photo

Punjab Weather News: ਹਰਿਆਣਾ ਅਤੇ ਪੰਜਾਬ ’ਚ ਬੁਧਵਾਰ ਨੂੰ ਗਰਮੀ ਦਾ ਕਹਿਰ ਜਾਰੀ ਰਿਹਾ ਅਤੇ ਨੂਹ ’ਚ ਵੱਧ ਤੋਂ ਵੱਧ ਤਾਪਮਾਨ 45.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਪੰਜਾਬ ’ਚ ਸ਼ਾਮ ਸਮੇਂ ਕਈ ਥਾਈਂ ਮੀਂਹ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਈ। ਪੰਜਾਬ ਵਿਚ ਅੰਮ੍ਰਿਤਸਰ, ਅਜਨਾਲਾ, ਰੋਪੜ, ਜਲੰਧਰ, ਫ਼ਿਰੋਜ਼ਪੁਰ ਆਦਿ ਖੇਤਰਾਂ ਵਿਚ ਤੇਜ਼ ਹਨੇਰੀ ਨਾਲ ਹਲਕੀ ਬਾਰਸ਼ ਹੋਈ। ਹੋਰ ਥਾਵਾਂ ’ਤੇ ਬਦਲਵਾਈ ਬਣੀ ਹੋਈ ਹੈ ਅਤੇ ਬਹੁਤੇ ਥਾਵਾਂ ’ਤੇ ਤੇਜ਼ ਹਨੇਰੀ ਆਈ ਹੈ।

ਹਰਿਆਣਾ ਦੇ ਫ਼ਰੀਦਾਬਾਦ ’ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਗੁਰੂਗ੍ਰਾਮ ’ਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੋਨੀਪਤ ’ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਹਿਸਾਰ ’ਚ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ ’ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ, ਅੰਬਾਲਾ ’ਚ 42.5 ਡਿਗਰੀ ਸੈਲਸੀਅਸ ਅਤੇ ਕਰਨਾਲ ’ਚ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਵੀ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਸੰਗਰੂਰ ’ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਠਾਨਕੋਟ ’ਚ ਵੱਧ ਤੋਂ ਵੱਧ ਤਾਪਮਾਨ 44.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ, ਲੁਧਿਆਣਾ ਦਾ 43.1 ਡਿਗਰੀ ਸੈਲਸੀਅਸ ਅਤੇ ਪਟਿਆਲਾ ਦਾ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਗੁਰਦਾਸਪੁਰ ’ਚ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਕਈ ਥਾਵਾਂ ’ਤੇ ਹਲਕੇ ਮੀਂਹ ਨੇ ਸ਼ਾਮ ਸਮੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ।

ਉਧਰ ਦੇਸ਼ ਦੀ ਰਾਜਧਾਨੀ ਦਿੱਲੀ ’ਚ ਬੁਧਵਾਰ ਨੂੰ ਘੱਟੋ-ਘੱਟ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ 8 ਡਿਗਰੀ ਵੱਧ ਹੈ। ਆਖਰੀ ਵਾਰ ਦਿੱਲੀ ’ਚ ਜੂਨ ’ਚ ਸੱਭ ਤੋਂ ਗਰਮ ਰਾਤ 2012 ’ਚ ਦਰਜ ਕੀਤੀ ਗਈ ਸੀ ਜਦੋਂ ਘੱਟੋ-ਘੱਟ ਤਾਪਮਾਨ 34 ਡਿਗਰੀ ਸੈਲਸੀਅਸ ਨੂੰ ਛੂਹ ਗਿਆ ਸੀ।

ਮੰਗਲਵਾਰ ਅਤੇ ਬੁਧਵਾਰ ਦੀ ਰਾਤ 33.8 ਡਿਗਰੀ ਸੈਲਸੀਅਸ ਨਾਲ ਸੀਜ਼ਨ ਦੀ ਸੱਭ ਤੋਂ ਗਰਮ ਰਾਤ ਰਹੀ। ਗਰਮੀ ਤੋਂ ਰਾਹਤ ਨਾ ਮਿਲਣ ਕਾਰਨ ਦਿੱਲੀ-ਐਨ.ਸੀ.ਆਰ. ਦੇ ਹਸਪਤਾਲਾਂ ’ਚ ਲੂ ਲੱਗਣ ਅਤੇ ਥਕਾਵਟ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਡਾਕਟਰਾਂ ਨੇ ਬਜ਼ੁਰਗ ਅਤੇ ਕਮਜ਼ੋਰ ਮਰੀਜ਼ਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿਤੀ ਹੈ।