ਸਿੱਖ ਨੌਜਵਾਨਾਂ 'ਤੇ ਕਾਲੇ ਬੱਦਲਾਂ ਵਾਂਗ ਮੰਡਰਾ ਰਿਹੈ ਅਤਿਵਾਦੀ ਵਿਰੋਧੀ UAPA ਕਾਨੂੰਨ ਦਾ ਛਾਇਆ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਕਸੂਰੇ ਨੌਜਵਾਨਾਂ ਦੀ ਫੜੋ-ਫੜੀ ਤੇ ਤਸ਼ੱਦਦ ਦਾ ਸਿਲਸਿਲਾ ਜਾਰੀ

Youth Arrested

ਚੰਡੀਗੜ੍ਹ : ਪੰਜਾਬ ਅੰਦਰ ਸੰਨ ਅੱਸੀ ਦੇ ਦਹਾਕੇ ਤੋਂ ਸ਼ੁਰੂ ਹੋਏ ਅਤਿਵਾਦ ਦੇ ਦੌਰ ਦਾ ਦਰਦ ਪੰਜਾਬੀਆਂ ਨੇ ਲੰਮਾ ਸਮਾਂ ਪਿੰਡੇ ਹੰਡਾਇਆ ਸੀ। ਉਸ ਸਮੇਂ ਪੰਜਾਬ ਅੰਦਰ ਸਿੱਖ ਨੌਜਵਾਨਾਂ 'ਤੇ ਵਾਪਰੀਆਂ ਪੁਲਿਸ ਤਸ਼ੱਦਦ ਦੀਆਂ ਕਹਾਣੀਆਂ ਇਤਿਹਾਸ ਦੇ ਪੰਨਿਆਂ 'ਤੇ ਦਰਜ ਹਨ। ਅਜਿਹੇ ਬਿਰਤਾਂਤ ਪੜ੍ਹ-ਸੁਣ ਕੇ ਅੱਜ ਵੀ ਲੂੰਅ ਕੰਢੇ ਖੜ੍ਹੇ ਹੋ ਜਾਂਦੇ ਹਨ। ਪੰਜਾਬ ਅੰਦਰ ਅਤਿਵਾਦ ਕੋਈ ਰਾਤੋਂ ਰਾਤ ਸ਼ੁਰੂ ਨਹੀਂ ਸੀ ਹੋ ਗਿਆ। ਇਸ 'ਚ ਕੁੱਝ ਭਟਕੇ ਹੋਏ ਨੌਜਵਾਨ ਸ਼ਾਮਲ ਸਨ ਅਤੇ ਕੁੱਝ ਨੂੰ ਪੁਲਿਸ ਨੇ ਝੂਠੇ ਕੇਸ ਬਣਾ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜੋ ਪੁਲਿਸ ਤੋਂ ਪ੍ਰੇਸ਼ਾਨ ਹੋ ਕੇ ਅਪਣੇ ਰਸਤਿਆਂ ਤੋਂ ਭਟਕ ਗਏ ਸਨ। ਕਹਿੰਦੇ ਹਨ, ਇਤਿਹਾਸ ਖੁਦ ਨੂੰ ਕਈ ਵਾਰ ਦੁਹਰਾਅ ਦਿੰਦਾ ਹੈ। ਪੰਜਾਬ ਅੰਦਰ ਬਦਲ ਰਹੇ ਹਾਲਾਤ ਵੀ ਇਤਿਹਾਸ ਦੇ ਕਿਸੇ ਅਜਿਹੇ ਹੀ ਗੇੜ ਵੱਲ ਇਸ਼ਾਰਾ ਕਰਦੇ ਜਾਪਦੇ ਹਨ। ਪੰਜਾਬ ਅੰਦਰ ਅੱਜ ਫਿਰ ਬੇਦੋਸ਼ੇ ਸਿੱਖ ਨੌਜਵਾਨਾਂ ਦੀ ਫੜੋ-ਫੜੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਨਵੇਂ ਘਟਨਾਕ੍ਰਮ ਤਹਿਤ ਪੰਜਾਬ ਦੇ ਕੁੱਝ ਹਿੱਸਿਆਂ ਵਿਚੋਂ ਪੁਲਿਸ ਵਲੋਂ ਚੁੱਕੇ ਗਏ ਵਿਅਕਤੀਆਂ ਤਕ ਰੋਜ਼ਾਨਾ ਸਪੋਕਸਮੈਨ ਟੀਵੀ ਨੇ ਪਹੁੰਚ ਕੀਤੀ ਹੈ।

ਸਪੋਕਸਮੈਨ ਟੀਵੀ ਵਲੋਂ ਮੌਕੇ 'ਤੇ ਵੇਖੇ ਗਏ ਹਾਲਾਤ ਅਤੇ ਪੀੜਤਾਂ ਦੀ ਦਰਦ ਭਰੀ ਦਾਸਤਾਨ ਵੇਖ-ਸੁਣ ਕੇ ਭੋਰਾ ਭਰ ਵੀ ਅਹਿਸਾਸ ਨਹੀਂ ਹੁੰਦਾ ਕਿ ਜਿਹੜੇ ਨੌਜਵਾਨਾਂ 'ਤੇ ਅਤਿਵਾਦੀ ਹੋਣ ਦੇ ਦੋਸ਼ ਤਹਿਤ ਮਾਮਲੇ ਦਰਜ ਕਰ ਕੇ ਸ਼ਲਾਖਾ ਪਿੱਛੇ ਪਹੁੰਚਾਇਆ ਗਿਆ ਹੈ, ਉਹ ਕਿਸੇ ਤਰ੍ਹਾਂ ਦੀਆਂ ਵੀ ਅਤਿਵਾਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋ ਸਕਦੇ ਹਨ। ਇਹ ਅਤਿ ਗ਼ਰੀਬੀ 'ਚ ਜ਼ਿੰਦਗੀ ਜਿਊ ਰਹੇ ਪਰਵਾਰਾਂ ਨਾਲ ਸਬੰਧਤ ਨੌਜਵਾਨਾਂ ਦੀ ਕਹਾਣੀ ਹੈ ਜੋ ਗੁਰਬਤ ਭਰੇ ਹਾਲਾਤਾਂ 'ਚ ਮੁਸ਼ਕਲ ਨਾਲ ਦਿਨ ਕੱਟੀ ਕਰ ਰਹੇ ਸਨ।  

ਇਨ੍ਹਾਂ ਵਿਚੋਂ ਇਕ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਗੁਰਤੇਜ ਸਿੰਘ ਨਾਮ ਦਾ ਸਖ਼ਸ਼ ਸ਼ਾਮਲ ਹੈ, ਜੋ ਤਿੰਨ ਬੱਚਿਆਂ ਦਾ ਪਿਤਾ ਹੈ।  ਗੁਰਤੇਜ ਸਿੰਘ ਦੇ ਤਿੰਨੇ ਬੱਚੇ 8 ਤੋਂ 12 ਸਾਲ ਦੀ ਉਮਰ ਦੇ ਹਨ। ਗੁਰਤੇਜ ਸਿੰਘ ਦੀ ਪਤਨੀ ਭਿਆਨਕ ਬਿਮਾਰੀ ਕਾਰਨ ਬੈਡ 'ਤੇ ਹੈ। ਜਿਸ ਸਮੇਂ ਪੁਲਿਸ ਨੇ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਉਹ ਪਤਨੀ ਦੇ ਇਲਾਜ ਲਈ ਹਸਪਤਾਲ 'ਚ ਮੌਜੂਦ ਸੀ। ਪੀੜਤ ਦੀ ਪਤਨੀ ਮੁਤਾਬਕ ਗੁਰਤੇਜ ਸਿੰਘ ਨੂੰ ਉਸ ਦੇ ਇਲਾਜ ਲਈ ਪੈਸਾ-ਧੇਲਾ ਵੀ ਦੇਣ ਨਹੀਂ ਦਿਤਾ ਗਿਆ।

ਗੁਰਤੇਜ ਸਿੰਘ ਦੇ ਲੜਕੇ ਨੇ ਪੁਲਿਸ ਵਾਲਿਆਂ ਨੂੰ ਪਿਤਾ ਦੀਆਂ ਬਾਹਾਂ ਮਰੋੜ ਕੇ ਧੱਕੇ ਨਾਲ ਗੱਡੀ 'ਚ ਪਾ ਕੇ ਲਿਜਾਂਦੇ ਵੇਖਿਆ ਹੈ। ਪੀੜਤ ਦੀ ਘਰਵਾਲੀ ਮੁਤਾਬਕ ਉਸ ਦਾ ਪਤੀ ਕਿਸੇ ਵੀ ਤਰ੍ਹਾਂ ਦੀ ਅਤਿਵਾਦੀ ਗਤੀਵਿਧੀ 'ਚ ਸ਼ਾਮਲ ਨਹੀਂ ਸੀ। ਪਤਨੀ ਮੁਤਾਬਕ ਉਨ੍ਹਾਂ ਨੂੰ ਸਿਰਫ਼ ਸਿੱਖ ਹੋਣ ਕਾਰਨ ਹੀ ਨਿਸ਼ਾਨਾ ਬਣਾਇਆ ਗਿਆ ਹੈ। ਪਰਿਵਾਰ ਕੋਲ ਇਸ ਸਮੇਂ ਕਮਾਈ ਦਾ ਕੋਈ ਵੀ ਵਸੀਲਾ ਮੌਜੂਦ ਨਹੀਂ ਹੈ। ਮੌਕੇ 'ਤੇ ਮੌਜੂਦ ਬਜ਼ੁਰਗ ਔਰਤਾਂ ਨੇ ਸਪੋਕਸਮੈਨ ਟੀਵੀ ਨੂੰ ਦਸਿਆ ਕਿ ਇਸ ਪਰਵਾਰ ਦਾ ਗੁਜ਼ਾਰਾ ਲੋਕਾਂ ਵਲੋਂ ਤਰਸ ਦੇ ਅਧਾਰ 'ਤੇ ਕੀਤੀ ਜਾਂਦੀ ਮਦਦ ਨਾਲ ਹੋ ਰਿਹਾ ਹੈ। ਪਰਵਾਰ ਵਿਚ ਪੀੜਤ ਦੀ ਪਤਨੀ ਤੋਂ ਇਲਾਵਾ ਪਿਤਾ ਗੰਭੀਰ ਬਿਮਾਰੀ ਕਾਰਨ ਮੰਜੇ 'ਤੇ ਪਏ ਹਨ। ਗੁਰਤੇਜ ਸਿੰਘ ਦੇ ਜੇਲ੍ਹ ਜਾਣ ਬਾਅਦ ਇਹ ਪੂਰਾ ਪਰਿਵਾਰ ਗ਼ਰੀਬ ਤੇ ਬਿਮਾਰੀ ਦੀ ਹਾਲਤ 'ਚ ਲਾਵਾਰਸ ਹੋ ਗਿਆ ਹੈ। ਗੁਰਤੇਜ ਸਿੰਘ ਘਰ 'ਚ ਇਕੱਲਾ ਕਮਾਉਣ ਵਾਲਾ ਸੀ ਅਤੇ ਗ਼ਰੀਬੀ ਤੇ ਬਿਮਾਰੀ ਦੀ ਹਾਲਤ ਵਿਚ ਕੋਈ ਸਖ਼ਸ਼ ਅਤਿਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਬਾਰੇ ਕਿਸ ਤਰ੍ਹਾਂ ਸੋਚ ਜਾਂ ਸਮਾਂ ਕੱਢ ਸਕਦਾ ਹੈ, ਅਜਿਹੇ ਸਵਾਲ ਮੂੰਹ ਅੱਡੀ ਜਵਾਬ ਮੰਗਦੇ ਹਨ।

ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਹੋਰ 18 ਸਾਲਾ ਨੌਜਵਾਨ ਨੂੰ ਪੁਲਿਸ ਨੇ ਯੂਏਪੀਏ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜੇਲ ਅੰਦਰ ਸੁੱਟ ਦਿਤਾ ਹੈ। ਜਸਪ੍ਰੀਤ ਸਿੰਘ ਨਾਂ ਦੇ ਇਸ ਨੌਜਵਾਨ ਨੂੰ 28 ਜੂਨ ਨੂੰ ਹਿਰਾਸਤ 'ਚ ਲਿਆ ਸੀ। ਇਸ ਨੌਜਵਾਨ ਨੂੰ 16 ਦਿਨਾਂ ਤਕ ਹਿਰਾਸਤ 'ਚ ਰੱਖ ਦੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਜਸਪ੍ਰੀਤ ਸਿੰਘ ਦੇ ਪਿਤਾ ਪੁਲਵਿੰਦਰ ਸਿੰਘ ਵਾਸੀ ਪੰਡ ਬੋੜੇਵਾਲ ਅਫ਼ਗਾਨਾ ਜ਼ਿਲ੍ਹਾ ਅੰਮ੍ਰਿਤਸਰ ਮੁਤਾਬਕ ਪੁੱਤਰ ਨੂੰ ਛੁਡਾਉਣ ਲਈ ਉਸ ਨੂੰ 50 ਹਜ਼ਾਰ ਤਕ ਦਾ ਖ਼ਰਚਾ ਕਰਨਾ ਪਿਆ ਹੈ।

ਪੁਲਵਿੰਦਰ ਸਿੰਘ ਮੁਤਾਬਕ ਪੁਲਿਸ ਨੇ ਜਸਪ੍ਰੀਤ ਸਿੰਘ ਨੂੰ ਚੁੱਕਣ ਵੇਲੇ ਕਿਹਾ ਸੀ ਕਿ ਜਸਪ੍ਰੀਤ ਨੇ ਕਿਸੇ ਕੁੜੀ ਨੂੰ ਫ਼ੋਨ 'ਤੇ ਛੇੜਿਆ ਹੈ, ਜਿਸ ਸਬੰਧੀ ਪੁਛਗਿੱਛ ਕਰਨੀ ਹੈ। ਪਿਤਾ ਮੁਤਾਬਕ ਉਨ੍ਹਾਂ ਨੇ ਜਸਪ੍ਰੀਤ ਨੂੰ 28 ਤਰੀਕ ਨੂੰ ਪੁਲਿਸ ਸਾਹਮਣੇ ਖੁਦ ਜਾ ਕੇ ਪੇਸ਼ ਕੀਤਾ ਸੀ। ਪਰਿਵਾਰ ਨੂੰ ਇਕ ਤਰੀਕ ਦੇ ਅਖ਼ਬਾਰ 'ਚੋਂ ਪਤਾ ਚੱਲਿਆ ਕਿ ਨੌਜਵਾਨ ਖਿਲਾਫ਼ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਾਂ ਦੇ ਦੋਸ਼ ਹੇਠ ਪਰਚਾ ਦਰਜ ਹੋਇਆ ਹੈ। ਇਸ ਨੌਜਵਾਨ ਨੂੰ ਪੁਲਿਸ ਨੇ 16 ਦਿਨਾਂ ਬਾਅਦ ਰਿਹਾਅ ਕਰ ਦਿਤਾ ਹੈ। ਇਸ ਨੌਜਵਾਨ ਨੂੰ ਪੰਜ ਦਿਨ ਤਕ ਹਸਪਤਾਲ 'ਚ ਦਾਖ਼ਲ ਰੱਖਣਾ ਪਿਆ ਤੇ ਗੁਲੂਕੋਸ਼ ਤਕ ਲੱਗਾਉਣੇ ਪਏ ਹਨ। ਇਹ ਨੌਜਵਾਨ ਅਜੇ ਵੀ ਸਦਮੇ 'ਚ ਹੈ।

ਇਸੇ ਤਰ੍ਹਾਂ ਸੁਖਚੈਨ ਸਿੰਘ ਨਾਂ ਦੇ ਇਕ ਹੋਰ ਦਲਿਤ ਨੌਜਵਾਨ ਨੂੰ ਯੂਪੀਏ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦਲਿਤ ਪਰਵਾਰ ਅਤਿ ਗ਼ਰੀਬ ਦੀ ਹਾਲਤ ਵਿਚ ਦਿਨ ਕਟੀ ਕਰ ਰਿਹਾ ਹੈ। ਇਸ ਘਰ ਦੇ ਹਾਲਾਤ ਵੇਖ ਕੇ ਅਜਿਹਾ ਕਤਈ ਹੀ ਨਹੀਂ ਲੱਗਦਾ ਕਿ ਇਸ ਪਰਵਾਰ ਦਾ ਮੈਂਬਰ ਅਤਿਵਾਦੀ ਗਤੀਗਿਧੀਆਂ 'ਚ ਸ਼ਾਮਲ ਹੋ ਸਕਦਾ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਪਰਵਾਰ ਤੇ ਘਰ ਦੀਆਂ ਅਤਿ ਤਰਸਯੋਗ ਹਾਲਾਤਾਂ ਬਾਬਤ ਲੋਕਾਂ ਨੂੰ ਜਾਣੂ ਕਰਵਾਇਆ ਹੈ। ਕੇਵਲ ਤਿੰਨ ਮਰਲਿਆਂ ਦੇ ਇਸ ਘਰ ਅੰਦਰ ਤਿੰਨ ਪਰਵਾਰ ਰਹਿੰਦੇ ਹਨ। ਬਿਲਕੁਲ ਜਰਜਰਾ ਹਾਲਤ 'ਚ ਮੌਜੂਦ ਇਸ ਘਰ ਦੇ ਹਰ ਕੋਨੇ 'ਚੋਂ ਗ਼ਰੀਬੀ ਅਤੇ ਗੁਰਬਤ ਸਾਫ਼ ਵੇਖੀ ਜਾ ਸਕਦੀ ਹੈ। ਇਸ ਨੌਜਵਾਨ ਦੇ ਹੱਕ ਵਿਚ ਪਿੰਡ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਵੱਡੀ ਗਿਣਤੀ ਲੋਕਾਂ ਨੇ ਇਕਮਤ ਹੋ ਕੇ ਦਸਿਆ ਕਿ ਇਹ ਨੌਜਵਾਨ ਇਸੇ ਤਰ੍ਹਾਂ ਦੀ ਕਿਸੇ ਵੀ ਗਤੀਵਿਧੀ 'ਚ ਸ਼ਾਮਲ ਨਹੀਂ ਹੋ ਸਕਦਾ।

ਇਸੇ ਤਰ੍ਹਾਂ ਇਕ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਵੀ ਪੁਲਿਸ ਯੂਏਪੀਏ ਤਹਿਤ ਗਿਫ਼ਤਾਰ ਕੇ ਲੈ ਗਈ ਹੈ। ਇਹ ਨੌਜਵਾਨ ਦਿੱਲੀ ਦੇ ਸ਼ਾਹੀਨ ਬਾਗ 'ਚ ਲੱਗੇ ਲੰਗਰ ਦੀ ਸੇਵਾ ਲਈ ਪਹੁੰਚਿਆ ਸੀ। ਇਸ ਸਿੱਖ ਨੌਜਵਾਨ 'ਤੇ ਵੀ ਦਿੱਲੀ ਪੁਲਿਸ ਨੇ ਯੂਏਪੀਏ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜੇਲ੍ਹ ਅੰਦਰ ਸੁਟ ਦਿਤਾ ਹੈ। ਲਵਪ੍ਰੀਤ ਪਿੰਡ ਸਮਾਨਾ ਵਿਖੇ ਇਕ ਸੀਸੀਟੀਵੀ ਕੈਮਰਿਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ। ਇਹ ਇਕ ਆਮ ਜਿਹੇ ਗ਼ਰੀਬ ਸਿੱਖ ਪਰਵਾਰ ਦਾ ਲੜਕਾ ਹੈ। ਜਦਕਿ ਦਿੱਲੀ ਪੁਲਿਸ ਲਵਪ੍ਰੀਤ ਕੋਲੋਂ ਇਕ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕਰ ਰਹੀ ਹੈ।

ਬੁਲਢਾਂਡਾ ਦੇ ਪਿੰਡ ਚਾਣਕ ਦਾ ਅੰਮ੍ਰਿਤਪਾਲ ਸਿੰਘ ਨੂੰ ਵੀ ਪੁਲਿਸ ਨੇ ਯੂਏਪੀਏ ਤਹਿਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਅੰਦਰ ਸੁਟ ਦਿਤਾ ਹੈ। ਇਹ ਨੌਜਵਾਨ ਵੀ ਅਤਿ ਗ਼ਰੀਬ ਪਰਵਾਰ ਨਾਲ ਸਬੰਧਤ ਹੈ। ਅੰਮ੍ਰਿਤਪਾਲ ਦਾ ਵਿਆਹ 8 ਜੂਨ ਨੂੰ ਹੋਇਆ ਸੀ। ਇਹ ਪਰਵਾਰ ਦਿਹਾੜੀ ਦੱਪਾ ਕਰ ਕੇ ਗੁਜ਼ਾਰਾ ਕਰਦਾ ਹੈ। ਅੰਮ੍ਰਿਤਪਾਲ ਦਲਿਤ ਪਰਵਾਰ ਨਾਲ ਸਬੰਧਤ ਹੈ, ਜੋ ਬੀੜੀ ਜਰਦੇ ਦਾ ਇਸਤੇਮਾਲ ਵੀ ਕਰਦਾ ਹੈ। ਅੰਮ੍ਰਿਤਪਾਲ ਦਾ ਪਿਤਾ, ਭਰਾ ਤੇ ਉਹ ਖੁਦ ਖੇਤਾਂ 'ਚ ਦਿਹਾੜੀ ਕਰ ਕੇ ਗੁਜ਼ਾਰਾ ਚਲਾਉਂਦੇ ਹਨ। ਜਦਕਿ ਮਾਂ ਘਰ ਅੰਦਰ ਕੱਪੜੇ ਸਿਉ ਕੇ ਕੁੱਝ ਪੈਸੇ ਕਮਾ ਲੈਂਦੀ ਹੈ। ਇਸ ਪਰਵਾਰ ਨੇ ਕੱਚਾ ਮਕਾਨ ਅਜੇ ਹੁਣੇ-ਹੁਣੇ ਹੀ ਸੈਂਟਰ ਗੌਰਮਿੰਟ ਦੀ ਸਕੀਮ ਤਹਿਤ ਕਰਜ਼ਾ ਲੈ ਕੇ ਬਣਾਇਆ ਹੈ। ਇਹ ਨੌਜਵਾਨ ਹੁਣ ਪਟਿਆਲਾ ਜੇਲ੍ਹ ਅੰਦਰ ਬੰਦ ਹੈ।

ਲੜਕੇ ਦੀ ਮਾਂ ਮੁਤਾਬਕ ਉਹ ਜੇਲ੍ਹ 'ਚ ਮੁਲਾਕਾਤ ਲਈ ਗਏ ਸਨ ਜਿੱਥੇ ਨੌਜਵਾਨ ਨੇ ਦਸਿਆ ਕਿ ਬੋਹਾ ਪੁਲਿਸ ਨੇ ਉਸ ਨੂੰ ਕਰੰਟ ਲਾ ਕੇ ਤਸ਼ੱਦਦ ਕੀਤਾ ਹੈ। ਪੀੜਤ ਦੀ ਮਾਤਾ ਮੁਤਾਬਕ ਉਨ੍ਹਾਂ ਦੇ ਪਰਵਾਰ ਦੇ ਖ਼ਾਲਿਸਤਾਨੀਆਂ ਨਾਲ ਸਬੰਧਤ ਕਿਸੇ ਵੀ ਕੀਮਤ 'ਤੇ ਨਹੀਂ ਹੋ ਸਕਦੇ। ਕਿਉਂਕਿ ਉਨ੍ਹਾਂ ਦਾ ਲੜਕਾ ਤਾਂ ਬੀੜੀ ਜਰਦੇ ਦਾ ਇਸਤੇਮਾਲ ਵੀ ਕਰਦਾ ਹੈ ਅਤੇ ਉਨ੍ਹਾਂ ਦੇ ਖਾਲਿਸਤਾਨੀਆਂ ਜਾਂ ਸਿੱਖ ਧਰਮ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ। ਮਾਂ ਮੁਤਾਬਕ ਉਸ ਦਾ ਲੜਕਾ ਦਿਹਾੜੀ ਦੇ ਸਾਰੇ ਪੈਸੇ ਉਸ ਨੂੰ ਲਿਆ ਕੇ ਫੜਾ ਦਿੰਦਾ ਸੀ ਅਤੇ ਫਿਰ ਲੋੜ ਪੈਣ 'ਤੇ ਮੰਗ ਕੇ ਲੈ ਜਾਂਦਾ ਹੈ। ਉਸ ਮੁਤਾਬਕ ਉਨ੍ਹਾਂ ਨੂੰ ਅਪਣੇ ਲੜਕੇ ਦੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ 'ਚ ਸ਼ਾਮਲ ਹੋਣ ਦਾ ਭੋਰਾ ਭਰ ਵੀ ਸ਼ੱਕ ਸੁਭਾਹ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।