ਹੁਣ ਬਾਦਲਾਂ ਦੀਆਂ ਗੁੰਮਰਾਹ-ਕੁੰਨ ਗੱਲਾਂ 'ਚ ਨਹੀਂ ਆਉਣਗੇ ਪੰਜਾਬ ਦੇ ਕਿਸਾਨ
ਸੁਖਬੀਰ ਬਾਦਲ ਵੱਲੋਂ ਵਫ਼ਦ ਦੀ ਅਗਵਾਈ ਕਰਨ ਦੀ ਪੇਸ਼ਕਸ਼ 'ਤੇ 'ਆਪ' ਦਾ ਪਲਟਵਾਰ
ਚੰਡੀਗੜ੍ਹ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਬਾਰੇ ਲਿਆਂਦੇ ਗਏ ਆਰਡੀਨੈਂਸਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਕੋਲੋਂ ਸਪਸ਼ਟੀਕਰਨ ਲੈਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਸਾਰੀਆਂ ਪਾਰਟੀਆਂ ਦੇ ਵਫ਼ਦ ਦੀ ਅਗਵਾਈ ਕਰਨ ਦੀ ਪੇਸ਼ਕਸ਼ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਜ਼ਾਕ ਉਡਾਇਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ 'ਵਕਤੋਂ ਖੁੰਝੀ ਡੂਮਣੀ' ਦੀ ਕਹਾਵਤ ਵਾਂਗ ਹੁਣ ਅਤਾਲ-ਪਤਾਲ ਬੋਲ ਰਹੇ ਹਨ।
ਜਦਕਿ ਮੋਦੀ ਸਰਕਾਰ ਨੇ ਜਿਸ ਸਮੇਂ ਇਹ ਕਿਸਾਨ ਅਤੇ ਖੇਤੀਬਾੜੀ ਵਿਰੋਧੀ ਆਰਡੀਨੈਂਸ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਪੇਸ਼ ਕੀਤੇ ਸਨ, ਬਾਦਲਾਂ ਨੂੰ ਉਸੇ ਵਕਤ ਸਖ਼ਤ ਵਿਰੋਧ ਕਰਕੇ ਮੋਦੀ ਦੀ ਤਾਨਾਸ਼ਾਹੀ ਰੋਕਣੀ ਚਾਹੀਦੀ ਸੀ।
ਪਰੰਤੂ ਅਜਿਹਾ ਕਰਕੇ ਬਾਦਲ ਪਰਿਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਨੂੰ ਖ਼ਤਰੇ 'ਚ ਨਹੀਂ ਪਾਉਣਾ ਚਾਹੁੰਦਾ ਸੀ ਅਤੇ ਬਤੌਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਅੰਬਾਨੀ-ਅੰਡਾਨੀ ਵਰਗੇ ਕਾਰਪੋਰੇਟ ਘਰਾਨਿਆਂ ਦੇ ਹਿਤਾਂ ਦੀ ਪੂਰਤੀ ਕਰਦੇ ਇਨ੍ਹਾਂ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ 'ਤੇ ਖ਼ੁਦ ਵੀ ਦਸਤਖ਼ਤ ਕਰ ਦਿੱਤੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜਾ ਟੱਬਰ ਇੱਕ ਵਜ਼ੀਰੀ ਲਈ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਆੜ੍ਹਤੀਆਂ-ਮੁਨੀਮਾਂ, ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੇ ਹਿਤਾਂ ਨੂੰ ਸੂਲੀ ਝਾੜ ਸਕਦਾ ਹੈ, ਉਹ ਹੁਣ ਹੋਰ ਕਿਹੜੀ 'ਕੁਰਬਾਨੀ' ਦੇਣ ਦੀਆਂ ਗੱਲਾਂ ਕਰ ਰਿਹਾ ਹੈ।
ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ''ਗੱਲਾਂ ਤੋਂ ਇੰਜ ਲੱਗਦਾ ਹੈ ਜਿਵੇਂ ਤੁਸੀਂ (ਸੁਖਬੀਰ) 'ਕੁਰਬਾਨੀ' ਸ਼ਬਦ ਦੇ ਅਰਥਾਂ, ਅਹਿਮੀਅਤ ਅਤੇ ਇਤਿਹਾਸ ਤੋਂ ਬਿਲਕੁਲ ਕੋਰੇ ਹੋ। ਕਿਰਪਾ ਕਰਕੇ ਕਿਸੇ ਪੁਰਾਣੇ ਅਤੇ ਸੱਚੇ-ਸੁੱਚੇ ਅਕਾਲੀ ਕੋਲੋਂ ਪਹਿਲਾਂ 'ਕੁਰਬਾਨੀ' ਸ਼ਬਦ ਦੇ ਮਤਲਬ ਅਤੇ ਮਕਸਦਾਂ ਬਾਰੇ ਸਮਝੋ।
ਫਿਰ ਪਤਾ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕਿੰਨੇ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਿਸ ਨੂੰ ਅੱਜ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਹੈ।''
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਾਰ-ਵਾਰ ਦੇ ਧੋਖਿਆਂ ਨੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਸੁਚੇਤ ਕਰ ਦਿੱਤਾ ਹੈ। ਕਿਸਾਨਾਂ ਦੇ ਪੜੇ-ਲਿਖੇ ਧੀਆਂ-ਪੁੱਤਰ ਹੁਣ ਇਨ੍ਹਾਂ ਕਿਸਾਨ ਮਾਰੂ ਅਤੇ ਪੰਜਾਬ ਆਰਡੀਨੈਂਸਾਂ ਦੀ ਭਾਸ਼ਾ ਅਤੇ ਅੰਦਰੂਨੀ ਪਰਿਭਾਸ਼ਾ ਨੂੰ ਚੰਗੀ ਤਰਾਂ ਸਮਝ ਚੁੱਕੇ ਹਨ। ਇਸ ਲਈ ਪੰਜਾਬ ਦੇ ਕਿਸਾਨ ਅਤੇ ਬਾਕੀ ਸਾਰੇ ਪ੍ਰਭਾਵਿਤ ਵਰਗ ਬਾਦਲਾਂ ਦੀਆਂ ਗੁਮਰਾਹਕੁਨ ਗੱਲਾਂ 'ਚ ਨਹੀਂ ਆਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ