ਪ੍ਰਾਇਮਰੀ ਅਧਿਆਪਕ ਸਕੂਲਾਂ ਦੀ ਨੁਹਾਰ ਬਦਲਣ ਲੱਗੇ : ਕ੍ਰਿਸ਼ਨ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਤਹਿਤ ਮਿੱਥੇ ਮਿਸ਼ਨ 4250 ਸਕੂਲਾਂ ਨੂੰ ਪੰਜਾਬ ਦੇ ਸਮਾਰਟ ਸਕੂਲ ਬਣਾਉਣ ਦਾ ਟੀਚਾ ਸਿਖਿਆ ਵਿਭਾਗ ਨੇ ਲਿਆ ਹੈ.............

Padho Punjab Padhao Punjab Related Image

ਐਸ.ਏ.ਐਸ. ਨਗਰ : 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਤਹਿਤ ਮਿੱਥੇ ਮਿਸ਼ਨ 4250 ਸਕੂਲਾਂ ਨੂੰ ਪੰਜਾਬ ਦੇ ਸਮਾਰਟ ਸਕੂਲ ਬਣਾਉਣ ਦਾ ਟੀਚਾ ਸਿਖਿਆ ਵਿਭਾਗ ਨੇ ਲਿਆ ਹੈ। ਜਿਸ ਦੀ ਸ਼ੁਰੂਆਤ ਜ਼ਿਲ੍ਹਾ ਪਟਿਆਲਾ ਦੇ 111 ਸਕੂਲਾਂ ਦੀ ਸੂਚੀ ਤਿਆਰ ਕਰ ਕੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਉਤਸ਼ਾਹਤ ਕੀਤਾ ਗਿਆ ਹੈ। ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰਾਇਮਰੀ ਅਧਿਆਪਕ ਮਿਹਨਤ, ਲਗਨ ਨਾਲ ਕਾਰਜ ਕਰਦੇ ਹੋਏ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਬੌਧਿਕ, ਮਾਨਸਿਕ, ਸਰੀਰਕ ਤੇ ਸਿਰਜਨਾਤਮਕ ਵਿਕਾਸ ਕਰ ਰਹੇ ਹਨ

ਉਸ ਦੇ ਨਾਲ-ਨਾਲ ਨਿਰਸਵਾਰਥ ਭਾਵਨਾ ਨਾਲ ਸਕੂਲਾਂ ਦੀਆ ਇਮਾਰਤਾਂ ਨੂੰ ਸੁੰਦਰ, ਮਨਮੋਹਕ ਅਤੇ ਬੱਚਿਆਂ ਦੇ ਮਨ-ਭਾਉਂਦੀਆਂ ਬਣਾਉਣ ਲਈ ਪੱਬਾਂ ਬਾਰ ਹੋ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿਖਿਆ ਕ੍ਰਿਸ਼ਨ ਕੁਮਾਰ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਕਾਨਫ਼ਰੰਸ ਹਾਲ 'ਚ ਹੋਈ ਸਿਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਕਿਹਾ ਕਿ ਸਿਖਿਆ ਮੰਤਰੀ ਓ.ਪੀ. ਸੋਨੀ ਅਗਵਾਈ ਵਿਚ ਸਿਖਿਆ ਵਿਭਾਗ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਅਕਾਦਮਿਕ ਕਾਰਗੁਜ਼ਾਰੀ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰਾਜੈਕਟ ਤਹਿਤ ਨਿਰੰਤਰ ਵਿਸ਼ਲੇਸ਼ਣ ਅਧੀਨ ਹੈ

ਪਰ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ। ਜਿਸਦੇ ਮੱਦੇਨਜ਼ਰ ਪਿਛਲੇ ਦਿਨੀਂ ਜ਼ਿਲ੍ਹਾ ਪਟਿਆਲਾ 'ਚ ਵਧੀਆ ਕੰਮ ਕਰ ਰਹੇ ਸਕੂਲਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਜ਼ਿਲ੍ਹੇ ਦੇ ਪੰਜ-ਪੰਜ ਅਧਿਆਪਕਾਂ ਦੇ ਗਰੁੱਪ ਬਣਾ ਕੇ ਇਨ੍ਹਾਂ ਸਕੂਲਾਂ ਵਿਚ ਭੇਜਿਆ ਗਿਆ ਤਾਂ ਜੋ ਸਰਕਾਰੀ ਪ੍ਰਾਇਮਰੀ ਸਕੂਲਾ 'ਚ ਆ ਰਹੀਆਂ ਉਸਾਰੂ ਤੇ ਸਕਾਰਾਤਮਕ ਤਬਦੀਲੀਆਂ ਤੋਂ ਬਾਕੀ ਅਧਿਆਪਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਅਤੇ ਉਹ ਅਧਿਆਪਕ ਵੀ ਅਪਣੇ ਸਕੂਲਾਂ ਲਈ ਵਧੀਆ ਸੋਚ ਅਤੇ ਸੇਧ ਲੈ ਕੇ ਜਾਣ।

ਉਨ੍ਹਾਂ ਕਿਹਾ ਕਿ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰਾਜੈਕਟ ਤਹਿਤ ਇਕ ਨਿਵੇਕਲਾ ਕਦਮ ਹੈ, ਜਿਸ ਨਾਲ ਅਧਿਆਪਕ ਅਪਣੇ ਸਾਥੀਆਂ ਤੋਂ ਹੀ ਪ੍ਰੇਰਤ ਹੋਣਗੇ ਅਤੇ ਸਕੂਲਾਂ ਦੀ ਨੁਹਾਰ ਬਦਲਣ ਲਈ ਸਮੁਦਾਇ ਦਾ ਯੋਗਦਾਨ ਲੈ ਕੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਨੂੰ ਲਾਭਪਾਤਰੀ ਬਣਾਉਣਗੇ।  ਉਨ੍ਹਾਂ ਕਿਹਾ ਕਿ ਜਿਹੜੇ ਪ੍ਰਾਇਮਰੀ ਸਕੂਲ ਇਸ ਸੂਚੀ ਲਈ ਚੁਣੇ ਗਏ ਹਨ ਉਨ੍ਹਾਂ ਦੇ ਅਧਿਆਪਕਾਂ ਨੂੰ ਉਤਸ਼ਾਹਤ ਕਰ ਕੇ 2019 ਤਕ ਇਨ੍ਹਾਂ ਸਕੂਲਾਂ 'ਚ ਸਮਾਰਟ ਕਲਾਸਰੂਮ, ਇਮਾਰਤ ਦੀ ਸੁੰਦਰ ਦਿੱਖ, 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਦੇ ਵਧੀਆ ਨਤੀਜੇ, ਮਾਪਿਆ ਤੇ ਸਮੁਦਾਇ ਦੀ ਸਹਿਯੋਗੀ ਵਜੋਂ ਸ਼ਮੂਲੀਅਤ,

ਖੇਡੋ ਪੰਜਾਬ ਤਹਿਤ ਸੁਚਾਰੂ ਕਿਰਿਆਵਾ ਕਰਵਾ ਕੇ ਤੰਦਰੁਸਤ ਰਹਿਣ ਦਾ ਸੁਨੇਹਾ ਦੇਣਾ, ਬੱਚਿਆ ਨੂੰ ਰੀਡਿੰਗ ਸੈੱਲ ਰਾਹੀਂ ਕਿਤਾਬਾਂ ਨਾਲ ਜੋੜ ਕੇ ਉਸਾਰੂ ਸਾਹਿਤ ਪੜ੍ਹਣ ਤੇ ਲਿਖਣ ਬਾਰੇ ਜਾਗਰੂਕ ਕਰਨਾ, ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਦੀ ਉਚਿਤ ਵਰਤੋਂ, ਆਪਣੇ ਆਲ਼ੇ-ਦੁਆਲ਼ੇ ਦੀ ਸਾਫ਼-ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰਨਾ, ਆਦਿ ਇੱਕ ਮਿਸ਼ਨ ਦੇ ਰੂਪ ਵਿਚ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।