ਕੇਰਲਾ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਅੱਜ ਭੇਜੇਗੀ ਰਾਹਤ ਟੀਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਭਲਕੇ 20 ਅਗੱਸਤ ਨੂੰ 30 ਮੈਂਬਰੀ ਇਕ ਵਿਸ਼ੇਸ਼ ਟੀਮ ਭੇਜੀ ਜਾਵੇਗੀ.......
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਭਲਕੇ 20 ਅਗੱਸਤ ਨੂੰ 30 ਮੈਂਬਰੀ ਇਕ ਵਿਸ਼ੇਸ਼ ਟੀਮ ਭੇਜੀ ਜਾਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਹਤ ਸੇਵਾਵਾਂ ਲਈ ਭੇਜੇ ਜਾ ਰਹੀ ਇਸ ਰਾਹਤ ਟੀਮ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸੁਖਬੀਰ ਸਿੰਘ ਤੇ ਹਰਪ੍ਰੀਤ ਸਿੰਘ, ਸੁਪਰਵਾਈਜ਼ਰ ਸ਼ਿਵਰਾਜ ਸਿੰਘ ਤੇ ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ ਤੋਂ ਇਲਾਵਾ ਸੇਵਾਦਾਰਾਂ ਅਤੇ ਲਾਂਗਰੀਆਂ ਸਮੇਤ ਮੈਡੀਕਲ ਅਮਲਾ ਸ਼ਾਮਲ ਹੋਵੇਗਾ।
ਰਾਹਤ ਟੀਮ ਦੇ ਮੈਂਬਰ ਹੜ੍ਹ ਪੀੜਤਾਂ ਲਈ ਲੰਗਰ, ਬਸਤਰਾਂ ਤੇ ਮੈਡੀਕਲ ਸੇਵਾਵਾਂ ਦੇਣਗੇ, ਉਥੇ ਹੀ ਇਲਾਕਿਆਂ ਦਾ ਦੌਰਾ ਕਰ ਕੇ ਉਥੇ ਲੋਂੜੀਂਦੀ ਸਹਾਇਤਾ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨੂੰ ਤੁਰੰਤ ਰੀਪੋਰਟ ਕਰਨਗੇ ਜਿਸ ਅਨੁਸਾਰ ਮੁਕੰਮਲ ਰਾਹਤ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕੇਰਲਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਗਏ ਐਲਾਨ ਅਨੁਸਾਰ ਭਲਕੇ ਰਾਹਤ ਸੇਵਾਵਾਂ ਲਈ ਵਿਸ਼ੇਸ਼ ਟੀਮ ਭੇਜੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਵਲੋਂ ਕੇਰਲਾ ਵਿਖੇ ਦੋ ਮੁੱਖ ਰਾਹਤ ਕੇਂਦਰ ਸਥਾਪਤ ਕੀਤੇ ਜਾਣਗੇ ਜਿਨ੍ਹਾਂ ਵਿਚ ਇਕ ਕੋਚੀਨ ਅਤੇ ਦੂਸਰਾ ਕੋਇੰਬਤੂਰ ਵਿਖੇ ਹੋਏਗਾ। ਹੜ੍ਹ ਪੀੜਤਾਂ ਨੂੰ ਦਿਤੀਆਂ ਜਾਣ ਵਾਲੀਆਂ ਰਾਹਤ ਸੇਵਾਵਾਂ ਵਿਚ ਲੰਗਰ, ਕਪੜੇ ਅਤੇ ਮੈਡੀਕਲ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਕੇਰਲਾ ਵਿਖੇ ਰਾਹਤ ਸੇਵਾਵਾਂ ਉਦੋਂ ਤਕ ਜਾਰੀ ਰੱਖੀਆਂ ਜਾਣਗੀਆਂ ਜਦੋਂ ਤਕ ਲੋੜ ਬਣੀ ਰਹੇਗੀ।
ਦੱਸਣਯੋਗ ਹੈ ਕਿ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਕ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਸਮਿਆਂ ਦੌਰਾਨ ਕੁਦਰਤੀ ਆਫਤਾਂ ਸਮੇਂ ਰਾਹਤ ਸੇਵਾਵਾਂ ਨਿਭਾਈਆਂ ਜਾਂਦੀਆਂ ਰਹੀਆਂ ਹਨ ਜਿਸ ਵਿਚ ਜੰਮੂ ਕਸ਼ਮੀਰ, ਨੇਪਾਲ, ਉਤਰਾਖੰਡ, ਲੇਹ ਲਦਾਖ ਤੇ ਅੰਡੇਮਾਨ ਨਿਕੋਬਾਰ ਆਦਿ ਵਿਸ਼ੇਸ਼ ਹਨ।