ਪਾਣੀ ਦਾ ਕਹਿਰ, ਲਹਿੰਦੇ ਪੰਜਾਬ (ਪਾਕਿ)ਦੇ ਕਈ ਪਿੰਡ ਕਰਵਾਏ ਗਏ ਖ਼ਾਲੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਤਲੁਜ ਦਰਿਆ ਦੇ ਵਿਚ ਪਾਣੀ ਦਾ ਪੱਧਰ ਵੱਧ ਜਾਣ ਦੇ ਕਾਰਨ 'ਪੰਜ-ਆਬ' ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ

ਪਾਣੀ ਦਾ ਕਹਿਰ, ਲਹਿੰਦੇ ਪੰਜਾਬ (ਪਾਕਿ)ਦੇ ਕਈ ਪਿੰਡ ਕਰਵਾਏ ਗਏ ਖ਼ਾਲੀ!

ਫਿਰੋਜ਼ਪੁਰ( ਬਲਬੀਰ ਸਿੰਘ ਜੋਸ਼ਨ) - ਉਤਰ ਭਾਰਤ ਦੇ ਵਿਚ ਮੀਂਹ ਦਾ ਕਹਿਰ ਜਾਰੀ ਹੈ ਅਤੇ ਕਈ ਜਗ੍ਹਾਵਾਂ ਤੋਂ ਬੱਦਲ ਫਟਣ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਮੀਂਹ ਦਾ ਪਾਣੀ ਇਨ੍ਹਾਂ ਕੁ ਜ਼ਿਆਦਾ ਵੱਧ ਚੁੱਕਿਆ ਹੈ ਕਿ ਵੱਡੇ ਵੱਡੇ ਡੈਮ ਵੀ ਹੁਣ ਤੌਬਾ ਕਰਨ ਲੱਗ ਗਏ ਹਨ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ 'ਤੇ ਪਈ ਭਾਰੀ ਬਾਰਸ਼ ਦਾ ਕਹਿਰ ਜਿੱਥੇ ਹਿਮਾਚਲ ਵਾਸੀਆਂ ਨੂੰ ਝੇਲਣਾ ਪੈ ਰਿਹਾ ਹੈ, ਉੱਥੇ ਹੀ ਹਿਮਾਚਲ ਅੰਦਰ ਪਈ ਭਾਰੀ ਬਾਰਸ਼ ਦਾ ਅਸਰ ਪੂਰੇ ਪੰਜਾਬ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਤੋਂ ਆਉਂਦਾ ਮੀਂਹ ਦਾ ਪਾਣੀ ਪੰਜਾਬ ਦੇ ਭਾਖੜਾ ਅਤੇ ਹੋਰ ਡੈਮਾਂ ਦੇ ਵਿਚ ਪੈ ਰਿਹਾ ਹੈ।

 ਜਿਸ ਦੇ ਕਾਰਨ ਪਹਿਲੋਂ ਹੀ ਮੀਂਹ ਕਾਰਨ ਨੱਕੋਂ ਨੱਕੀਂ ਵਹਿ ਰਹੇ ਦਰਿਆ, ਨਾਲੇ ਅਤੇ ਨਦੀਆਂ ਦੇ ਵਿਚ ਪਾਣੀ ਵੱਧ ਚੁੱਕਿਆ ਹੈ। ਸਤਲੁਜ ਅਤੇ ਬਿਆਸ ਦਰਿਆਵਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦਰਿਆਵਾਂ ਦੇ ਅੰਦਰ ਪਾਣੀ ਇਸ ਕਦਰ ਵੱਧ ਚੁੱਕਿਆ ਹੈ ਕਿ ਲੋਕਾਂ ਦਾ ਰਹਿਣਾ ਤਾਂ ਕੀ ਸੌਣਾ ਵੀ ਮੁਸ਼ਕਲ ਹੋਇਆ ਪਿਆ ਹੈ। ਦਰਿਆਵਾਂ ਦੇ ਵਿਚ ਵਧੇ ਪਾਣੀ ਦੇ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ।  ਜ਼ਿਕਰਯੋਗ ਹੈ  ਕਿ ਸਤਲੁਜ ਦਰਿਆ, ਜੋ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੋਵਾਂ ਦੇ ਵਿਚ ਵਹਿੰਦਾ ਹੈ। 

ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਈ ਗੱਲਾਂ ਦੱਸੀਆਂ। ਜਵਾਨਾਂ ਨੇ ਦੱਸਿਆ ਕਿ ਉਹ ਹਰ ਵੇਲੇ ਸਰਹੱਦ 'ਤੇ ਤਾਇਨਾਤ ਰਹਿੰਦੇ ਹਨ ਅਤੇ ਜਦੋਂ ਉਹ ਬੀਤੇ ਕੱਲ੍ਹ ਸਰਹੱਦ ਉੱਪਰ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਦੇ ਕੰਨਾਂ ਵਿਚ ਪਾਕਿਸਤਾਨ ਵਾਲੇ ਪਾਸਿਓਂ ਅਵਾਜ਼ ਪਈ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਖ਼ਾਲੀ ਕਰ ਦਿਓ, ਕਿਉਂਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਵੱਧ ਚੁੱਕਿਆ ਹੈ। ਜਵਾਨਾਂ ਨੇ ਇਹ ਵੀ ਦੱਸਿਆ ਕਿ ਸਤਲੁਜ ਦਰਿਆ ਦੇ ਬਿਲਕੁਲ ਨਾਲ ਜੋ ਪਿੰਡ ਪੰਜਾਬ (ਪਾਕਿਸਤਾਨ) ਦੇ ਲੱਗਦੇ ਹਨ, ਉਨ੍ਹਾਂ ਵਿਚ ਹੱਕੂ ਵਾਲਾ ਅਤੇ ਵਿੱਕੀ ਪਿੰਡ ਹਨ।

ਇਨ੍ਹਾਂ ਪਿੰਡਾਂ ਵਿਚ ਇਸ ਵਕਤ ਹੜ੍ਹ ਦਾ ਪਾਣੀ ਪਹੁੰਚਣ ਲੱਗ ਪਿਆ ਹੈ। ਜਵਾਨਾਂ ਨੇ ਇਹ ਵੀ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਕਿ ਜਿਸ ਪ੍ਰਕਾਰ ਚੜ੍ਹਦੇ ਪੰਜਾਬ ਦੇ ਵਿਚ ਜਿੱਥੇ-ਜਿੱਥੇ ਵੀ ਹੜ੍ਹ ਆਏ ਹਨ, ਉੱਥੇ-ਉੱਥੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਲਈ ਰਾਹਤ ਕੈਂਪ ਲਗਾਏ ਜਾ ਰਹੇ ਹਨ। ਬਿਲਕੁਲ ਉਸੇ ਪ੍ਰਕਾਰ ਹੀ ਲਹਿੰਦੇ ਪੰਜਾਬ ਵਿਚ ਵੀ ਪ੍ਰਸ਼ਾਸਨ ਦੇ ਵੱਲੋਂ ਰਾਹਤ ਕੈਂਪ ਲਗਾਉਣ ਦੇ ਬਾਰੇ ਵਿਚ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਸਤਲੁਜ ਦਰਿਆ ਦੀ ਹੱਦ ਜੋ ਕਿ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਨਾਲ ਲੱਗਦੀ ਹੈ।

ਭੂਗੋਲਿਕ ਸਥਿਤੀ ਦੇ ਕਾਰਨ ਸਤਲੁਜ ਦਰਿਆ ਹਰੀਕੇ ਹੈੱਡ ਵਰਕਸ ਤੋਂ ਕੁਝ ਹਿੱਸਾ ਭਾਰਤੀ ਹੱਦ ਦੇ ਅੰਦਰ ਰਹਿ ਜਾਂਦਾ ਹੈ, ਜਦਕਿ ਬਾਕੀ ਦਾ ਦਰਿਆ ਪੰਜਾਬ (ਪਾਕਿਸਤਾਨ) ਦੇ ਵਿਚ ਚਲਿਆ ਜਾਂਦਾ ਹੈ। ਪੰਜਾਬ (ਪਾਕਿਸਤਾਨ) ਦੇ ਵਿਚ ਸਤਲੁਜ ਦਰਿਆ ਦੀ ਹੱਦ ਕਸੂਰ ਜਾ ਲੱਗਦੀ ਹੈ। ਕਸੂਰ (ਪਾਕਿਸਤਾਨ) ਦੇ ਲੋਕ ਵੱਡੀ ਮਾਤਰਾ ਵਿਚ ਪਹਿਲੋਂ ਸਤਲੁਜ ਦਰਿਆ ਦਾ ਪਾਣੀ ਪੀਂਦੇ ਸਨ, ਪਰ ਪਿਛਲੇ ਕੁਝ ਕੁ ਸਾਲਾਂ ਤੋਂ ਪਾਣੀ ਦੇ ਵਿਚ ਮਿਲਾਵਟੀ ਤੱਤ ਆਉਣ ਦੇ ਕਾਰਨ ਦਰਿਆ ਦਾ ਪਾਣੀ ਗੰਦਲਾ ਹੋ ਚੁੱਕਿਆ ਹੈ, ਜਿਸ ਦੇ ਕਾਰਨ ਲੋਕਾਂ ਨੇ ਪਾਣੀ ਪੀਣ ਤੋਂ ਤੌਬਾ ਕਰ ਦਿੱਤਾ ਹੈ। 

ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਤਲੁਜ ਦਰਿਆ ਦੇ ਵਿਚ ਪਾਣੀ ਦਾ ਪੱਧਰ ਵੱਧ ਜਾਣ ਦੇ ਕਾਰਨ 'ਪੰਜ-ਆਬ' ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਵੈਸੇ ਤਾਂ ਹਰ ਵਾਰ ਜਦੋਂ ਵੀ ਸਤਲੁਜ ਦਰਿਆ ਦੇ ਵਿਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਉਨ੍ਹਾਂ ਦੀਆਂ ਫ਼ਸਲਾਂ ਦਾ ਜਿੱਥੇ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਹੈ ਉੱਥੇ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਦੇ ਵੀ ਚੜ੍ਹਦੇ ਜਾਂ ਫਿਰ ਲਹਿੰਦੇ ਪੰਜਾਬ ਦੀਆਂ ਸਰਕਾਰਾਂ ਨੇ ਹੜ੍ਹਾਂ ਦੇ ਪਾਣੀ ਨੂੰ ਕੰਟਰੋਲ ਕਰਨ ਦਾ ਕੋਈ ਬੀੜਾ ਹੁਣ ਤੱਕ ਨਹੀਂ ਚੁੱਕਿਆ। ਬਾਕੀ, ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਕੀ ਕੀ ਨੁਕਸਾਨ ਹੁੰਦਾ ਹੈ?