ਆਪਣੀ ਜ਼ਿੰਦਗੀ ਦੇ ਪਲ ਗਿਣ ਰਹੀਆਂ ਦਰਿਆ 'ਚ ਰੁੜ੍ਹੀਆਂ ਬੱਕਰੀਆਂ
ਤੀਲਿਆਂ ਦੇ ਬੇੜੇ 'ਤੇ ਚੜ੍ਹਕੇ ਆਪਣੀ ਜਾਨ ਬਚਾ ਰਹੀਆਂ ਬੱਕਰੀਆਂ
ਪੰਜਾਬ- ਜਿਥੇ ਸੂਬੇ ਦੇ ਕਈ ਸ਼ਹਿਰ ਪਾਣੀ ਦੀ ਚਪੇਟ ਵਿਚ ਆਉਣ ਕਾਰਨ ਲੋਕ ਆਪਣੀਆਂ ਜਾਨਾਂ ਬਚਾਉਣ ਦੀ ਜੱਦੋ ਜਹਿਦ ਵਿਚ ਹਨ। ਉਥੇ ਹੀ ਜਾਨਵਰ ਵੀ ਪਾਣੀ ਦੀ ਮਾਰ ਵਿਚ ਮੌਤ ਦੇ ਪਰਛਾਵੇਂ ਹੇਠਾਂ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਬੱਕਰੀਆਂ ਤੀਲਿਆਂ ਦੇ ਬਣੇ ਬੇੜੇ ਤੇ ਚੜ੍ਹ ਕੇ ਹੜ੍ਹ ਦੇ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਬੱਕਰੀਆਂ ਤੀਲਿਆਂ ਦੇ ਬਣੇ ਬੇੜੇ ਤੇ ਚੜ੍ਹ ਕੇ ਕਿਨਾਰਾ ਆਉਣ ਦਾ ਇੰਤਜ਼ਾਰ ਕਰ ਰਹੀਆਂ ਹਨ ਅਤੇ ਆਪਣੀ ਜਗ੍ਹਾ ਤੋਂ ਹਿਲ ਵੀ ਨਹੀਂ ਰਹੀਆਂ ਕਿਉਂਕਿ ਉਹ ਜਾਣਦੀਆਂ ਹਨ ਕਿ ਥੋੜੀ ਜਿਹੀ ਵੀ ਹਿਲਜੁਲ ਓਹਨਾਂ ਨੂੰ ਮੌਤ ਦੇ ਮੂੰਹ ਵਿਚ ਲੈ ਜਾ ਸਕਦੀ ਹੈ। ਪੁਲ ਦੇ ਉੱਤੇ ਖੜ੍ਹੇ ਲੋਕ ਬੱਕਰੀਆਂ ਦੀ ਵੀਡੀਓ ਬਣਾਉਂਦੇ ਹੋਏ ਉਨ੍ਹਾਂ ਦੀ ਇਸ ਹਾਲਤ ਤੇ ਤਰਸ ਜ਼ਾਹਿਰ ਕਰਦੇ ਹੋਏ ਸੁਣਾਈ ਦੇ ਰਹੇ ਹਨ ਅਤੇ ਦੁਆ ਕਰਦੇ ਹਨ ਕਿ ਇਨ੍ਹਾਂ ਦੀ ਫਸੀ ਜਾਨ ਕਿਨਾਰੇ ਲੱਗ ਜਾਏ।
ਦੱਸ ਦਈਏ ਕਿ ਭਾਖੜਾ ਡੈਮ ਵਿਚੋਂ ਛਡੇ ਪਾਣੀ ਨੇ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਕਈ ਘਰ ਰੁੜ੍ਹ ਗਏ। ਲੋਕਾਂ ਦੇ ਘਰਾਂ 'ਚ ਪਾਣੀ ਵੜਣ ਦੇ ਨਾਲ ਨਾਲ ਉਨ੍ਹਾਂ ਦੀ ਫ਼ਸਲ ਵੀ ਤਬਾਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ ਵਧਣ ਕਾਰਨ ਹੋਰ ਵੀ ਪਾਣੀ ਛਡਿਆ ਜਾ ਸਕਦਾ ਹੈ।