ਕਪੂਰਥਲਾ ਪੁਲਿਸ ਵੱਲੋਂ ISYF ਦੇ 2 ਕਾਰਕੁਨ ਗ੍ਰਿਫ਼ਤਾਰ, ਹਥਿਆਰਾਂ ਦੀ ਵੱਡੀ ਖੇਪ ਬਰਾਮਦ
ਪੁਲਿਸ ਨੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਆਈਐਸਵਾਈਐਫ ਦੇ 2 ਪ੍ਰਮੁੱਖ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਇਕ ਅਤਿਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ।
ਕਪੂਰਥਲਾ: ਕਪੂਰਥਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਆਈਐਸਵਾਈਐਫ ਦੇ 2 ਪ੍ਰਮੁੱਖ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਇਕ ਅਤਿਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ। ਇਹਨਾਂ ਅਤਿਵਾਦੀਆਂ ਕੋਲੋਂ ਪਿਸਤੌਲ ਅਤੇ ਗੋਲਾ ਬਾਰੂਦ ਦੇ ਨਾਲ ਜਿੰਦਾ ਗ੍ਰਨੇਡ ਅਤੇ ਟਿਫਿਨ ਬੰਬ ਦਾ ਵੱਡਾ ਭੰਡਾਰ ਬਰਾਮਦ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਮੁਖ ਸਿੰਘ ਬਰਾੜ ਅਤੇ ਗਗਨਦੀਪ ਸਿੰਘ ਵਜੋਂ ਹੋਈ ਹੈ।
ਹੋਰ ਪੜ੍ਹੋ: ਪੰਜਾਬ ’ਚ ਹੁਣ 630 ਰੁਪਏ ਵਿਚ ਹੋਣਗੇ ਪਾਣੀ ਦੀ ਗੁਣਵੱਤਾ ਜਾਂਚ ਦੇ 18 ਟੈਸਟ
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਨੇ ਗਗਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ 73 ਬੀ, ਗਲੀ ਨੰਬਰ 02 ਗੁਰੂ ਨਾਨਕ ਪੁਰਾ ਫਗਵਾੜਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਗਗਨ ਨੇ ਖੁਲਾਸਾ ਕੀਤਾ ਕਿ ਉਸ ਕੋਲੋਂ ਬਰਾਮਦ ਕੀਤਾ ਗਿਆ ਪਿਸਤੌਲ ਹਥਿਆਰਾਂ ਦੀ ਵੱਡੀ ਖੇਪ ਦਾ ਹਿੱਸਾ ਸੀ ਜੋ ਕਿ ਸਰਹੱਦ ਪਾਰੋਂ ਪਿਛਲੇ ਕੁਝ ਮਹੀਨਿਆਂ ਵਿਚ ਡਰੋਨ ਰਾਹੀਂ ਭੇਜੀ ਗਈ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਖੇਪ ਦਾ ਵੱਡਾ ਹਿੱਸਾ ਜਲੰਧਰ ਦੇ ਗੁਰਮੁਖ ਸਿੰਘ ਨੇ ਲੁਕਾਇਆ ਸੀ।
ਹੋਰ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ NIA ਦੀ ਛਾਪੇਮਾਰੀ, RDX ਮਿਲਣ ਦਾ ਦਾਅਵਾ
ਇਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਤੁਰੰਤ ਗੁਰਮੁਖ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਅਤੇ 2 ਜ਼ਿੰਦਾ ਹੈਂਡ ਗ੍ਰਨੇਡ, 1 ਡੈਟੋਨੇਟਰ ਦਾ ਡੱਬਾ, 2 ਐਕਸ ਟਿਊਬ, ਇਕ ਉੱਚ ਵਿਸਫੋਟਕ ਪੀਲੀ ਤਾਰ (ਪਾਕਿਸਤਾਨੀ), 3.75 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ। ਇਸ ਤੋਂ ਇਲਾਵਾ ਇਕ ਲਾਇਸੈਂਸਸ਼ੁਦਾ ਹਥਿਆਰ .45 ਬੋਰ, 14 ਭਾਰਤੀ ਪਾਸਪੋਰਟ, ਇਕ .30 ਪਿਸਤੌਲ, 2 ਮੈਗਜ਼ੀਨਾਂ ਸਮੇਤ, 5 ਜ਼ਿੰਦਾ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਲੋਹੇ ਦੇ ਸਰੀਏ ਨਾਲ ਭਰਿਆ ਟਰੱਕ ਪਲਟਣ ਕਾਰਨ 13 ਮਜ਼ਦੂਰਾਂ ਦੀ ਮੌਤ
ਉਹਨਾਂ ਅੱਗੇ ਖੁਲਾਸਾ ਕੀਤਾ ਕਿ ਇੱਕ ਜ਼ਿੰਦਾ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਬੱਸ ਸਟੈਂਡ ਜਲੰਧਰ ਦੇ ਨੇੜੇ ਉਸ ਦੇ ਦਫਤਰ ਵਿਚ ਰੱਖੀ ਹੋਈ ਸੀ। ਪੁਲਿਸ ਟੀਮਾਂ ਨੇ ਤੁਰੰਤ ਗੁਰਮੁਖ ਸਿੰਘ ਦੇ ਦਫਤਰ 'ਤੇ ਛਾਪਾ ਮਾਰਿਆ ਅਤੇ ਉਥੋਂ 3 ਜ਼ਿੰਦਾ ਹੈਂਡ ਗ੍ਰਨੇਡ, 1 ਟਿਫਿਨ ਬੰਬ, 4 ਪਿਸਤੌਲ ਮੈਗਜ਼ੀਨ ਅਤੇ ਪੈਕੇਜਿੰਗ ਸਮਗਰੀ ਬਰਾਮਦ ਕੀਤੀ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖੇਪ ਆਈਐਸਆਈਐਫ ਅਤੇ ਪਾਕਿਸਤਾਨ ਅਧਾਰਤ ਅਤਿਵਾਦੀ ਸਮੂਹਾਂ ਦੁਆਰਾ ਭੇਜੀ ਗਈ ਇਕ ਵੱਡੀ ਖੇਪ ਦਾ ਹਿੱਸਾ ਸੀ।
ਹੋਰ ਪੜ੍ਹੋ: ਅੰਨਦਾਤਾ ਨਾਲ ਧੋਖਾ ਹੈ ਗੰਨੇ ਦੀ ਕੀਮਤ 'ਚ 5 ਸਾਲਾਂ ਬਾਅਦ ਕੀਤਾ ਮਹਿਜ਼ 15 ਰੁਪਏ ਵਾਧਾ-'ਆਪ'
ਇਸ ਸਬੰਧੀ ਕਪੂਰਥਲਾ ਪੁਲਿਸ ਨੇ ਗੁਰਮੁਖ ਸਿੰਘ ਅਤੇ ਗਗਨਦੀਪ ਸਿੰਘ ਵਿਰੁੱਧ ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967, ਦੀ ਧਾਰਾ 13,16,17,18,18B, 20, ਵਿਸਫੋਟਕ ਪਦਾਰਥ (ਸੋਧ) ਐਕਟ, 2001 ਦੇ 4,5 ਅਤੇ ਅਸਲਾ ਐਕਟ ਦੇ 25,27,54, 59 ਦੇ ਤਹਿਤ ਐਫਆਈਆਰ ਨੰਬਰ 92 ਮਿਤੀ 20/08/2021 ਥਾਣਾ ਸਦਰ ਫਗਵਾੜਾ ਵਿਖੇ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਮਿਤੀ 08.08.2021 ਨੂੰ ਪਿੰਡ ਡਾਲੇਕੇ, ਥਾਣਾ ਲੋਪੋਕੇ ਤੋਂ ਇਕ ਅਜਿਹਾ ਹੀ ਦਿੱਖਣ ਵਾਲਾ ਆਧੁਨਿਕ ਟਿਫਿਨ ਬੰਬ ਵੀ ਬਰਾਮਦ ਕੀਤਾ ਸੀ। ਇਸ ਟਿਫਿਨ ਬੰਬ ਵਿਚ ਆਰਡੀਐਕਸ ਸਥਾਪਤ ਕੀਤਾ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਹੋਰ ਪੜਤਾਲ ਜਾਰੀ ਹੈ।