ਇਮਰਾਨ ਖਾਨ ਦੀ ਮੋਦੀ ਨੂੰ ਚਿਠੀ ਚ 'ਧਾਰਮਿਕ ਟੂਰਿਜ਼ਮ' ਦੇ ਸਦੇ ਨੇ ਕਰਤਾਰਪੁਰ ਸਾਹਿਬ ਲਾਂਘੇ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਮਰਾਨ ਖਾਨ ਦੀ ਮੋਦੀ ਨੂੰ ਚਿਠੀ ਚ 'ਧਾਰਮਿਕ ਟੂਰਿਜ਼ਮ' ਦੇ ਸਦੇ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਆਸ ਹੋਰ ਪੱਕੀ ਕੀਤੀ 

KartarPur Sahib

ਚੰਡੀਗੜ੍ਹ, 20 ਸਤੰਬਰ, (ਨੀਲ ਭਲਿੰਦਰ ਸਿੰਘ) ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਮੁੜ ਸ਼ਾਂਤੀ ਵਾਰਤਾ ਸ਼ੁਰੂ ਕਰਨ ਵਾਸਤੇ ਲਿਖੀ ਚਿਠੀ ਦੋਵਾਂ ਪੰਜਾਬਾਂ ਵਿਚਾਲੇ ਵਪਾਰਕ ਸਬੰਧ ਪੀਡੇ ਹੋਣ ਦੀ ਆਸ ਬੱਝੀ ਹੈ. ਦੂਜਾ ਇਸ ਚਿਠੀ ਵਿਚ ਦੋਵਾਂ ਮੁਲਕਾਂ ਵਿਚਾਲੇ 'ਧਾਰਮਿਕ ਟੂਰਿਜ਼ਮ' ਦੀ ਸਾਂਝ ਦਾ ਉਚੇਚਾ ਜਿਕਰ ਵੀ ਕੀਤਾ ਗਿਆ ਹੈ.

ਹਾਲਾਂਕਿ ਪਾਕਿਸਤਾਨ ਸਰਕਾਰ ਵਲੋਂ ਇਕ ਦਿਨ ਪਹਿਲਾਂ ਹੀ ਸਪਸ਼ਟ ਕੀਤਾ ਗਿਆ ਹੈ ਕਿ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਬਾਰੇ ਭਾਰਤ ਸਰਕਾਰ ਨਾਲ ਕੋਈ ਰਸਮੀ ਪਹਿਲਕਦਮੀ ਨਹੀਂ ਕੀਤੀ ਗਈ ਪਰ ਪਾਕਿਸਤਾਨ ਪ੍ਰਧਾਨ ਮੰਤਰੀ ਦੀ ਚਿਠੀ ਵਿਚ 'ਧਾਰਮਿਕ ਟੂਰਿਜ਼ਮ' ਨੂੰ ਵੀ ਇਕ ਮਹੱਤਵਪੂਰਨ ਮੁੱਦਾ ਆਖਦੇ ਹੋਏ ਇਸ ਉਤੇ ਵੀ ਗਲਬਾਤ ਕਰਨ ਲਈ ਕਿਹਾ ਜਾਣਾ ਦੋਵਾਂ ਪੰਜਾਬਾਂ ਖਾਸਕਰ ਸਿਖਾਂ ਲਈ ਕਾਫੀ ਅਹਿਮੀਅਤ ਰੱਖਦਾ ਹੈ.

ਕਿਉਂਕਿ  ਸਿਖਾਂ ਦੇ ਵਡੀ ਗਿਣਤੀ ਅਤੇ ਬਹੁਤ ਹੀ ਅਹਿਮ ਧਾਰਮਿਕ ਅਸਥਾਨ ਪਾਕਿਸਤਾਨ ਵਿਚ ਹਨ. ਜਿਹਨਾਂ ਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜਿੰਨੀ ਹੀ ਮਹੱਤਤਾ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਵਾਲੇ ਕਰਤਾਰਪੁਰ ਸਾਹਿਬ ਦੀ ਵੀ ਹੈ. ਇਮਰਾਨ ਖਾਨ ਸਰਕਾਰ ਦੇ ਸੰਹੁ ਚੁੱਕ ਸਮਾਗਮ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਅਚਨਚੇਤ ਮੁੜ ਸ਼ੁਰੂ ਹੋਣ ਅਤੇ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੋਣ ਸਦਕਾ ਸਿਖਾਂ ਦੀ ਸਭ ਤੋਂ ਵੱਡੀ ਧਾਰਮਿਕ ਤੋਟ ਕਰਤਾਰਪੁਰ ਸਾਹਿਬ ਲਾਂਘੇ ਦੀ ਹੀ ਹੋਣ ਚ ਕੋਈ ਦੋ ਰਾਏ ਨਹੀਂ ਹੈ.

ਸੂਤਰਾਂ  ਦੇ ਹਵਾਲੇ ਨਾਲ ਇਹ ਵੀ ਖ਼ਬਰਾਂ ਆ ਰਹੀ ਹੈ ਕਿ ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ   ਦੇ ਦੌਰਾਨ ਭਾਰਤ-ਪਾਕਿ ਗੱਲਬਾਤ ਸੰਭਵ ਹੋ ਸਕਦੀ ਹੈ.  ਅਜਿਹੇ ਵਿੱਚ ਸਵਾਲ ਹੈ ਕਿ ਦੋਵਾਂ  ਦੇਸ਼ਾਂ  ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਨਿਊਯਾਰਕ ਵਿੱਚ ਹੋ ਸਕਦੀ ਹੈ. ਦਸਣਯੋਗ ਹੈ  ਕਿ ਅਗਲੇ ਹਫਤੇ ਯੂਐਨ  ਦੀ ਜਨਰਲ ਅਸੰਬਲੀ ਹੋਣ ਵਾਲੀ ਹੈ.  ਸਰਕਾਰ  ਦੇ ਸੂਤਰਾਂ ਨੇ ਮੁਲਾਕ਼ਾਤ ਦੀ ਸੰਭਾਵਨਾ ਤੋਂ ਵੀ  ਇਨਕਾਰ ਨਹੀਂ ਕੀਤਾ ਹੈ.

 ਸਰਕਾਰ  ਦੇ ਸੂਤਰਾਂ  ਦੇ ਮੁਤਾਬਕ ਵਿਦੇਸ਼ ਮੰਤਰੀ  ਸੁਸ਼ਮਾ ਸਵਰਾਜ  ਦੇ ਸ਼ਡਿਊਲ ਉੱਤੇ ਕੰਮ ਹੋ ਰਿਹਾ ਹੈ. ਦਸਣਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਹੋਈ ਮੁਲਾਕਾਤ ਦੇ ਹਵਾਲੇ ਨਾਲ ਮੰਤਰਾਲੇ ਵਲੋਂ ਪਾਕਿਸਤਾਨ ਨੂੰ ਚਿਠੀ ਲਿਖੀ ਜਾ ਰਹੀ ਹੋਣ ਦਾ ਦਾਵਾ ਕਰ ਚੁਕੇ ਹਨ.

ਇਮਰਾਨ ਦੇ ਖ਼ਤ  ਦੇ ਕੁੱਝ ਹੋਰ ਅਹਿਮ ਤੱਥ - 
ਇਮਰਾਨ ਖਾਨ ਨੇ ਪ੍ਰਧਾਨ ਮੰਤਰੀ  ਮੋਦੀ  ਨੂੰ ਪਾਕਿਸਤਾਨ ਆਉਣ ਦਾ ਨਿਓਤਾ ਦਿੱਤਾ ਹੈ. 
ਅੱਤਵਾਦ  ਉੱਤੇ ਵੀ ਗੱਲਬਾਤ ਨੂੰ ਪਾਕ ਤਿਆਰ ਹੈ.
 ਸੰਬੰਧ ਮਜ਼ਬੂਤ ਕਰਨ ਲਈ  ਪਾਕਿਸਤਾਨ ਵਿੱਚ ਸਾਰਕ ਸਮੇਲਨ ਹੋਵੇ। 
ਦੋਵਾਂ  ਦੇਸ਼ਾਂ  ਦੇ ਵਿਦੇਸ਼ ਮੰਤਰੀਆਂ   ਦੀ ਨਿਊਯਾਰਕ ਵਿੱਚ ਮੁਲਾਕ਼ਾਤ ਹੋਵੇ।
ਉਹ ਗੱਲਬਾਤ ਦੀ ਪਰਿਕ੍ਰੀਆ ਅੱਗੇ ਵਧਾਉਣ ਦਾ ਕੰਮ ਕਰਣਗੇ।
ਕਸ਼ਮੀਰ  ਸਮੇਤ ਤਮਾਮ ਵਿਵਾਦ ਗੱਲਬਾਤ ਨਾਲ  ਸੁਲਝਾਏ ਜਾਣ.
ਸ਼ਾਂਤੀ ਵਾਰਤਾ  ਸ਼ੁਰੂ ਹੋਣੀ ਚਾਹੀਦੀ ਹੈ.