ਸੁਖਬੀਰ ਬਾਦਲ ਨੇ ਖੇਤੀਬਾੜੀ ਬਿਲਾਂ 'ਤੇ ਹਸਤਾਖਰ ਨਾ ਕਰਨ ਲਈ ਰਾਸ਼ਟਰਪਤੀ ਨੂੰ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਨੇ ਰਾਸ਼ਟਰਪਤੀ ਨੂੰ ਕਿਹਾ- ਇਸ ਮਾਮਲੇ 'ਚ ਦਖਲ ਦਿਓ, ਨਹੀਂ ਤਾਂ ਲੋਕ ਸਾਨੂੰ ਕਦੇ ਮਾਫ਼ ਨਹੀਂ ਕਰਨਗੇ

Sukhbir Badal

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਰਾਜ ਸਭਾ ਵਿਚ ਪਾਸ ਹੋਏ  ਖੇਤੀ ਬਿਲਾਂ ‘ਤੇ ਅਪਣੀ ਸਹਿਮਤੀ ਨਾ ਦੇਣ। ਉਹਨਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਬਿਲ ‘ਤੇ ਮੁੜ ਵਿਚਾਰ ਕਰਨ ਲਈ ਉਹਨਾਂ ਨੂੰ ਪਾਰਲੀਮੈਂਟ ਵਿਚ ਭੇਜ ਦੇਣ।

ਉਹਨਾਂ ਨੇ ਟਵੀਟ ਕਰਦਿਆਂ ਕਿਹਾ, ‘ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਨੂੰ ਮੇਰੀ ਅਪੀਲ ਹੈ ਕਿ ਉਹ ਖੇਤੀਬਾੜੀ ਬਿਲਾਂ 'ਤੇ ਹਸਤਾਖਰ ਨਾ ਕਰਨ ਅਤੇ ਪੁਨਰ ਵਿਚਾਰ ਲਈ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਣ। ਕਿਰਪਾ ਕਰਕੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਨਾਜ ਮੰਡੀ ਦੇ ਮਜ਼ਦੂਰਾਂ ਅਤੇ ਦਲਿਤਾਂ ਲਈ ਇਸ ਮਾਮਲੇ 'ਚ ਦਖਲ ਦਿਓ, ਨਹੀਂ ਤਾਂ ਲੋਕ ਨੁਮਾਇੰਦੇ ਹੋਣ ਦੇ ਨਾਤੇ ਉਹ ਸਾਨੂੰ ਕਦੇ ਮਾਫ਼ ਨਹੀਂ ਕਰਨਗੇ।‘

ਇਸ ਤੋਂ ਅੱਗੇ ਉਹਨਾਂ ਲਿਖਿਆ, ‘ਲੋਕਤੰਤਰ ਦਾ ਅਰਥ ਆਮ ਸਹਿਮਤੀ ਹੈ, ਨਾ ਕਿ ਜ਼ੁਲਮ। ਜੇਕਰ 'ਅੰਨਾਦਾਤਾ' ਭੁੱਖਾ ਮਰਨ ਜਾਂ ਸੜਕਾਂ 'ਤੇ ਸੌਣ ਲਈ ਮਜਬੂਰ ਹੋਵੇਗਾ, ਤਾਂ ਉਹ ਲੋਕਤੰਤਰ ਲਈ ਸੱਚਮੁੱਚ ਸਭ ਤੋਂ ਦੁਖਦਾਈ ਦਿਨ ਗਿਣਿਆ ਜਾਵੇਗਾ।‘

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਬਿਲ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਅੱਜ ਰਾਜ ਸਭਾ ਵਿਚ ਵੀ ਪਾਸ ਹੋ ਗਏ। ਖੇਤੀਬਾੜੀ ਬਿਲ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੀ ਅਗਲੀ ਕਾਰਵਾਈ ਕੱਲ਼ ਸਵੇਰੇ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਬਿਲ ਪਾਸ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਪੰਜਾਬ ਦੇ ਆਗੂਆਂ ਨੇ ਵੀ ਇਸ ਬਿਲ ਦਾ ਵਿਰੋਧ ਕੀਤਾ। ਇਸ ਦੌਰਾਨ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ  ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਖੇਤੀ ਬਿਲਾਂ ਦੇ ਵਿਰੋਧ ਵਿਚ ਅਪਣੇ ਵਿਚਾਰ ਰੱਖੇ।