ਕੱਲ੍ਹ ਤਾਂ ਵੋਟਿੰਗ ਹੋਈ ਹੀ ਨਹੀਂ, ਸੁਖਬੀਰ ਬਾਦਲ ਕਿੱਥੇ ਵਿਰੋਧ 'ਚ ਵੋਟ ਦੇ ਆਏ ਨੇ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਆਰਡੀਨੈਂਸ ਬਿੱਲ 'ਤੇ ਵੋਟਿੰਗ ਵਾਲੇ ਸੁਖਬੀਰ ਬਾਦਲ ਦੇ ਬਿਆਨ 'ਤੇ ਖੜ੍ਹੇ ਕੀਤੇ ਸਵਾਲ

Bhagwant Mann

ਚੰਡੀਗੜ੍ਹ : ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿੱਥੇ ਕਿਸਾਨ ਕੇਂਦਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉਥੇ ਪੰਜਾਬ ਦੀਆਂ ਸਿਆਸੀ ਧਿਰਾਂ ਇਕ-ਦੂਜੇ ਨੂੰ ਕਟਹਿਰੇ 'ਚ ਖੜ੍ਹਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ। ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਵੋਟ ਦੇਣ ਦੀ ਗੱਲ ਕਹਿੰਦਿਆਂ ਭਗਵੰਤ ਮਾਨ ਦੇ ਵੋਟ ਦਿਤੇ ਬਿਨਾਂ ਸਦਨ 'ਚੋਂ ਬਾਹਰ ਚਲੇ ਜਾਣ ਦਾ ਦਾਅਵਾ ਕੀਤਾ ਸੀ।

ਸੁਖਬੀਰ ਬਾਦਲ ਦੇ ਬਿਆਨ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਵਿਚ ਕੁਝ ਹੋਰ, ਪਾਰਲੀਮੈਂਟ ਵਿਚ ਕੁਝ ਹੋਰ ਅਤੇ ਪਾਰਲੀਮੈਂਟ ਤੋਂ ਬਾਹਰ ਕੁੱਝ ਹੋਰ ਕਹਿੰਦੇ ਹਨ। ਮਾਨ ਨੇ ਕਿਹਾ ਕਿ ਜਿਹੜੀ ਵੋਟਿੰਗ ਦੀ ਗੱਲ ਸੁਖਬੀਰ ਬਾਦਲ ਕਰ ਰਹੇ ਹਨ, ਉਹ ਤਾਂ ਕੱਲ੍ਹ ਹੋਈ ਹੀ ਨਹੀਂ, ਫਿਰ ਸੁਖਬੀਰ ਬਾਦਲ ਵੋਟਿੰਗ ਕਿੱਥੇ ਕਰਕੇ ਆਏ ਹਨ।

ਅਕਾਲੀ ਦਲ 'ਤੇ ਦੋਗਲੀ ਨੀਤੀ ਅਪਨਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਅਪਣੀ ਸਹੂਲਤ ਮੁਤਾਬਕ ਸਟੈਂਡ ਬਦਲਣ 'ਚ ਮਾਹਿਰ ਹਨ। ਪਹਿਲਾਂ ਆਰਡੀਨੈਂਸਾਂ ਦੇ ਗੁਣਗਾਣ ਕਰਦੇ ਰਹੇ ਹਨ ਜਦਕਿ ਹੁਣ ਵਿਰੋਧ ਕਰਨ ਦਾ ਦਾਅਵਾ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਮੰਤਰੀ ਹਨ ਅਤੇ ਜਿਸ ਦਿਨ ਕੇਂਦਰੀ ਕੈਬਨਿਟ ਵਿਚ ਇਹ ਬਿੱਲ 'ਤੇ ਸਹਿਮਤੀ ਹੋਈ ਸੀ ਤਾਂ ਉਸ ਦਿਨ ਹਰਸਿਮਰਤ ਨੇ ਵਿਰੋਧ ਕਿਉਂ ਨਹੀਂ ਕੀਤਾ। ਇਸ ਤੋਂ ਇਲਾਵਾ ਸੁਖਬੀਰ ਬਾਦਲ ਅਤੇ ਵੱਡੇ ਬਾਦਲ ਵੀ ਇਸ ਬਿੱਲ ਦੇ ਹੱਕ ਵਿਚ ਭੁਗਤਦੇ ਆਏ ਹਨ।

ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਵੋਟਿੰਗ ਦੇ ਮਾਮਲੇ ਵਿਚ ਬਿਲਕੁਲ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸੰਸਦ ਵਿਚ ਵੋਟਿੰਗ ਹੋਈ ਤਾਂ ਆਮ ਆਦਮੀ ਪਾਰਟੀ ਦੀ ਇਕੋ ਇਕ ਵੋਟ ਇਸ ਆਰਡੀਨੈਂਸ ਦੇ ਵਿਰੋਧ ਵਿਚ ਹੀ ਭੁਗਤੇਗੀ।