ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਚਰਨਜੀਤ ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਬੀ ਜਦੋ ਜਹਿਦ ਤੋਂ ਬਾਅਦ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਅੱਜ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ।

Charanjit Singh Channi visits Gurudwara Sahib

ਚੰਡੀਗੜ੍ਹ: ਲੰਬੀ ਜਦੋ ਜਹਿਦ ਤੋਂ ਬਾਅਦ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਅੱਜ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। 11 ਵਜੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਪਰਿਵਾਰ ਸਮੇਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਦੱਸ ਦਈਏ ਕਿ ਚਰਨਜੀਤ ਚੰਨੀ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਡਿਪਟੀ ਸੀਐੱਮ ਵੱਜੋ ਹਲਫ ਲੈਣਗੇ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਹਾਈ ਕਮਾਨ ਵਲੋਂ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਰਾਜ ਭਵਨ ਪਹੁੰਚ ਕੇ ਸਰਕਾਰ ਬਣਾਉਣ ਦਾ ਅਪਣਾ ਦਾਅਵਾ ਪੇਸ਼ ਕੀਤਾ। ਪੰਜਾਬ ਦੇ ਰਾਜਪਾਲ ਨੂੰ ਮਿਲਣ ਤੋਂ ਬਾਅਦ ਚੰਨੀ ਨੇ ਰਾਜ ਭਵਨ ਦੇ ਬਾਹਰ ਆ ਕੇ ਦਸਿਆ ਕਿ 20 ਸਤੰਬਰ ਸਵੇਰੇ 11 ਵਜੇ ਉਹ ਅਹੁਦੇ ਦੀ ਸਹੁੰ ਚੁਕਣਗੇ ਅਤੇ ਇਸ ਤੋਂ ਬਾਅਦ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰ ਆਗੂ ਮੀਡੀਆ ਨੂੰ ਸੰਬੋਧਨ ਕਰਨਗੇ।

ਇਹ ਪੰਜਾਬ ਰਾਜ ਭਵਾਨ ਦੇ ਬਾਹਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਜਦੋਂ ਕਿਸੇ ਮੁੱਖ ਮੰਤਰੀ ਵਜੋਂ ਦਾਅਵਾ ਪੇਸ਼ ਕਰਨ ਗਏ ਕਿਸੇ ਆਗੂ ਦੇ ਸਮਰਥਕਾਂ ਵਲੋਂ ਭੰਗੜੇ ਪਾਏ ਗਏ ਹੋਣ। ਚੰਨੀ ਦੇ ਵੱਡੀ ਗਿਣਤੀ ’ਚ ਸਮਰਥਕ ਖ਼ੁਸ਼ੀ ’ਚ ਚੀਵੇ ਹੋ ਕੇ ਢੋਲ ਦੇ ਡੱਗੇ ਨਾਲ ਖ਼ੂਬ ਭੰਗੜੇ ਪਾ ਰਹੇ ਸਨ। ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਰਾ ਰੂਪਨਗਰ ਜ਼ਿਲ੍ਹਾ ਹੀ ਫ਼ਖ਼ਰ ਮਹਿਸੂਸ ਕਰ ਰਿਹਾ ਹੈ। ਜਿਵੇਂ ਹੀ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ਬਰ ਆਈ ਉਹਨਾਂ ਦੇ ਚਾਹੁਣ ਵਾਲਿਆਂ ਵਲੋਂ ਚੰਡੀਗੜ੍ਹ ਵਲ ਵਹੀਰਾਂ ਘੱਤ ਲਈਆਂ ਗਈਆਂ।

ਦਸਣਾ ਬਣਦਾ ਹੈ ਕਿ ਚਰਨਜੀਤ ਸਿੰਘ ਚੰਨੀ ਹਲਕਾ ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਇਕ ਚੁਣੇ ਜਾ ਚੁਕੇ ਹਨ ਅਤੇ ਲੰਘੀ ਅਕਾਲੀ ਭਾਜਪਾ ਸਰਕਾਰ ਵਿਚ ਉਹ ਵਿਰੋਧੀ ਧਿਰ ਤੇ ਕਾਂਗਰਸ ਵਲੋਂ ਨੇਤਾ ਵੀ ਰਹਿ ਚੁੱਕੇ ਹਨ ਅਤੇ ਸਾਲ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਬਣੀ ਸਰਕਾਰ ਵਿਚ ਤਕਨੀਕੀ ਸਿਖਿਆ ਮੰਤਰੀ ਸਨ। ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਚੰਨੀ ਦੀ ਉਮਰ ਲਗਭਗ 54 ਸਾਲ ਦੇ ਕਰੀਬ ਹੈ ਅਤੇ ਉਹ ਪੜ੍ਹਨ ਦਾ ਸ਼ੌਕ ਰਖਦੇ ਹਨ।

ਇਹੀ ਕਾਰਨ ਹੈ ਕਿ ਉਹਨਾਂ ਐਲ.ਐਲ.ਬੀ., ਐਲ.ਐਲ.ਐਮ. ਅਤੇ ਐਮ.ਬੀ.ਏ ਦੀ ਪੜ੍ਹਾਈ ਕਰਨ ਤੋਂ ਬਾਅਦ ਹੁਣ ਐਮ.ਏ ਰਾਜਨੀਤੀ ਸਾਸ਼ਤਰ ਇਸੇ ਸਰਕਾਰ ਦੌਰਾਨ ਕੀਤੀ। ਖਰੜ ਦੇ ਲਾਗੇ ਪਿੰਡ ਭਜੌਲੀ ਵਿਚ ਮਾਤਾ ਅਜਮੇਰ ਕੌਰ ਦੀ ਕੁੱਖੋ ਜੰਮੇ ਚਰਨਜੀਤ ਸਿੰਘ ਚੰਨੀ ਬਚਪਨ ਤੋਂ ਹੀ ਅਗਾਂਹਵਧੂ ਸੋਚ ਦੇ ਮਾਲਕ ਰਹੇ ਹਨ। ਇਕ ਦਲਿਤ ਪਰਵਾਰ ਵਿਚ ਜਨਮ ਲੈਣ ਤੋਂ ਬਾਅਦ ਇਸ ਮੁਕਾਮ ਤਕ ਪੁੱਜੇ ਹਨ। ਅਪਣੇ ਰਾਜਨੀਤਕ ਸਫ਼ਰ ਵਿਚ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਕਈ ਅਹੁਦਿਆਂ ’ਤੇ ਬਿਰਾਜਮਾਨ ਰਹੇ ਹਨ। ਸਾਲ 2017 ਦੀਆਂ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਚੰਨੀ ਤੋਂ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਸਨ।