ਪੰਜਾਬ ਸਰਕਾਰ ਨੇ ਕੈਦੀਆਂ ਲਈ ਸ਼ੁਰੂ ਕੀਤੀ ਖ਼ਾਸ ਸਹੂਲਤ, ਜੀਵਨ ਸਾਥੀ ਨਾਲ ਬਿਤਾ ਸਕਣਗੇ ਸਮਾਂ

ਏਜੰਸੀ

ਖ਼ਬਰਾਂ, ਪੰਜਾਬ

ਇਹ ਸਹੂਲਤ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

Punjab prisons become first to allow conjugal visits



ਚੰਡੀਗੜ੍ਹ: ਪੰਜਾਬ ਦੇ ਕੈਦੀ ਜੇਲ੍ਹ ਵਿਚ ਹੁਣ ਆਪਣੇ ਜੀਵਨ ਸਾਥੀ ਨਾਲ ਕੁਝ ਸਮਾਂ ਬਿਤਾ ਸਕਣਗੇ ਕਿਉਂਕਿ ਸੂਬੇ ਦੇ ਜੇਲ੍ਹ ਵਿਭਾਗ ਨੇ ਕੈਦੀਆਂ ਨੂੰ ਆਪਣੇ ਜੀਵਨ ਸਾਥੀ ਨਾਲ 2 ਘੰਟੇ ਬਿਤਾਉਣ ਦੀ ਇਜਾਜ਼ਤ ਦੇਣ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਅਜਿਹੀ ਸਹੂਲਤ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਹੈ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂ ਵਿਚ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ, ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅਤੇ ਬਠਿੰਡਾ ਦੀ ਮਹਿਲਾ ਜੇਲ੍ਹ ਵਿਚ ਇਜਾਜ਼ਤ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਅਪਰਾਧੀਆਂ, ਗੈਂਗਸਟਰਾਂ ਅਤੇ ਜਿਨਸੀ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਵਿਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ। ਅਧਿਕਾਰੀ ਨੇ ਕਿਹਾ ਕਿ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਆਪਣੇ ਜੀਵਨ ਸਾਥੀ ਨਾਲ ਦੋ ਘੰਟੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਲਈ ਵਿਭਾਗ ਨੇ ਇਕ ਕਮਰਾ ਰੱਖਿਆ ਹੈ। ਅਧਿਕਾਰੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਪਹਿਲ ਦਿੱਤੀ ਜਾਵੇਗੀ। ਵਿਭਾਗ ਨੂੰ ਉਮੀਦ ਹੈ ਕਿ ਇਸ ਉਪਰਾਲੇ ਨਾਲ ਵਿਆਹੁਤਾ ਰਿਸ਼ਤੇ ਮਜ਼ਬੂਤ ​​ਹੋਣਗੇ ਅਤੇ ਕੈਦੀਆਂ ਦੇ ਚੰਗੇ ਆਚਰਣ ਨੂੰ ਯਕੀਨੀ ਬਣਾਇਆ ਜਾਵੇਗਾ।

ਉਹਨਾਂ ਕਿਹਾ ਕਿ ਅਜਿਹੀ ਮੀਟਿੰਗ ਲਈ ਆਉਣ ਵਾਲੇ ਪਤੀ ਜਾਂ ਪਤਨੀ ਨੂੰ ਆਪਣੇ ਵਿਆਹ ਦਾ ਸਬੂਤ ਦਿਖਾਉਣਾ ਹੋਵੇਗਾ ਅਤੇ ਨਾਲ ਹੀ ਇਕ ਮੈਡੀਕਲ ਸਰਟੀਫਿਕੇਟ ਵੀ ਪੇਸ਼ ਕਰਨਾ ਹੋਵੇਗਾ ਜੋ ਉਹਨਾਂ ਦੇ ਐਚਆਈਵੀ ਜਾਂ ਕਿਸੇ ਹੋਰ ਜਿਨਸੀ ਰੋਗ, ਕੋਰੋਨਾ ਵਾਇਰਸ ਜਾਂ ਕਿਸੇ ਬਿਮਾਰੀ ਤੋਂ ਪੀੜਤ ਨਾ ਹੋਣ ਦੀ ਪੁਸ਼ਟੀ ਕਰਦਾ ਹੋਵੇ।

ਜੇਲ੍ਹ ਵਿਭਾਗ ਨੇ ਕੁਝ ਦਿਨ ਪਹਿਲਾਂ ਕੈਦੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ‘ਗਲਵੱਕੜੀ’ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਲੁਧਿਆਣਾ ਜੇਲ੍ਹ ਤੋਂ ਕੀਤੀ ਗਈ ਸੀ, ਜਿਸ ਤਹਿਤ ਕੈਦੀ ਅਤੇ ਹਵਾਲਾਤੀ ਹਰ ਪੰਦਰਵਾੜੇ ਕਰੀਬ ਇਕ ਘੰਟੇ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਦੇ ਹਨ।