ਵਿਦਿਆਰਥੀਆਂ ਦੇ ਕੜੇ ਲੁਹਾਉਣ ਦਾ ਮਾਮਲਾ: ਬਠਿੰਡਾ ਦੇ ਸਕੂਲ ਵਿਰੁਧ ਵਾਇਰਲ ਵੀਡੀਉ ਦੀ ਸੱਚਾਈ ਆਈ ਸਾਹਮਣੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕਿਹਾ, “ਕਿਸੇ ਵਿਦਿਆਰਥੀ ਨੂੰ ਕੜਾ ਪਾਉਣ ਦੀ ਨਹੀਂ ਹੈ ਮਨਾਹੀ”

Bathinda's school Viral Video Case

 

ਬਠਿੰਡਾ: ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਤੋਂ ਵਾਇਰਲ ਹੋਈ ਇਕ ਵੀਡੀਉ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ। ਦਾਅਵਾ ਕੀਤਾ ਜਾ ਰਿਹਾ ਸੀ ਕਿ ਸਕੂਲ ਵਿਚ ਵਿਦਿਆਰਥੀਆਂ ਕੜਾ ਪਾਉਣ ਤੋਂ ਰੋਕਿਆ ਜਾਂਦਾ ਹੈ। ਹਾਲਾਂਕਿ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕਹਿਣਾ  ਹੈ ਕਿ ਵਾਇਰਲ ਵੀਡੀਉ ਵਿਚ ਕੋਈ ਸੱਚਾਈ ਨਹੀਂ ਹੈ। ਵੀਡੀਉ ਵਾਇਰਲ ਹੋਣ ਮਗਰੋਂ ਸਕੂਲ ਦੇ ਪ੍ਰਿੰਸੀਪਲ ਤੋਂ ਲੈ ਕੇ ਅਧਿਆਪਕਾਂ ਤਕ ਨੇ ਅਪਣਾ ਪੱਖ ਰੱਖਿਆ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਇੰਡੀਆ ਟੂਰ ਹੋਇਆ ਰੱਦ

ਉਨ੍ਹਾਂ ਕਿਹਾ ਕਿ ਸਕੂਲ 'ਚ ਗੁਰਸਿੱਖ ਬੱਚੇ ਹੋਣ ਜਾਂ ਫਿਰ ਕਿਸੇ ਹੋਰ ਧਰਮ ਦੇ, ਉਨ੍ਹਾਂ ਨੂੰ ਕੜੇ ਪਾਉਣ ਦੀ ਮਨਾਹੀ ਨਹੀਂ ਹੈ ਪਰ ਸਾਰੇ ਅਧਿਆਪਕਾਂ ਅਤੇ ਮਾਪਿਆਂ ਦੀ ਸਹਿਮਤੀ ਨਾਲ ਸਾਰੇ ਬੱਚਿਆਂ ਨੂੰ ਮੋਟੇ ਅਤੇ ਤਿੱਖੇ ਕੜੇ ਨਾ ਪਾਉਣ ਲਈ ਪ੍ਰੇਰਿਆ ਗਿਆ ਹੈ। ਅਧਿਆਪਕਾਂ ਨੇ ਦਸਿਆ ਕਿ ਆਮ ਤੌਰ ’ਤੇ ਸ਼ਰਾਰਤਾਂ ਦੌਰਾਨ ਬੱਚਿਆਂ ਦੇ ਇਨ੍ਹਾਂ ਭਾਰੀ ਤੇ ਤਿੱਖੇ ਕੜਿਆਂ ਨਾਲ ਸੱਟ ਲੱਗ ਸਕਦੀ ਹੈ। ਸਕੂਲ ਵਿਚ ਅਜਿਹਾ ਇਕ ਮਾਮਲਾ ਸਾਹਮਣੇ ਵੀ ਆ ਚੁੱਕਿਆ ਹੈ, ਜਿਸ ਤੋਂ ਬਾਅਦ ਬੱਚਿਆਂ ਨੂੰ ਮੋਟੇ ਅਤੇ ਤਿੱਖੇ ਕੜੇ ਨਾ ਪਾਉਣ ਦੀ ਹਦਾਇਤ ਦਿਤੀ ਗਈ ਹੈ।  

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸੁਣਵਾਈ 5 ਅਕਤੂਬਰ ਤਕ ਟਲੀ

ਉਧਰ ਸਕੂਲ ਦੇ ਵਿਦਿਆਰਥੀਆਂ ਨੇ ਵਾਇਰਲ ਵੀਡੀਉ ਨੂੰ ਝੂਠਾ ਕਰਾਰ ਦਿਤਾ ਅਤੇ ਕਿਹਾ ਕਿ ਸਕੂਲ ਪ੍ਰਸ਼ਾਸਨ ਵਲੋਂ ਕਦੇ ਵੀ ਕੜੇ ਪਾਉਣ ਲਈ ਮਨ੍ਹਾਂ ਨਹੀਂ ਕੀਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਭਾਰੀ ਕੜੇ ਪਾਉਣ ਲਈ ਮਨ੍ਹਾਂ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਮਾਸਟਰ ਸਲੀਮ ਵਿਰੁਧ ਥਾਣਾ ਗੁਰਾਇਆ ਵਿਖੇ FIR ਦਰਜ

ਵਾਇਰਲ ਵੀਡੀਉ ਦੇ ਇਕ ਪੱਖ ਕਰਕੇ ਸਕੂਲ ਦੀ ਬਦਨਾਮੀ ਹੋ ਰਹੀ ਸੀ, ਇਸ ਲਈ ਸਕੂਲ ਪ੍ਰਿੰਸੀਪਲ ਨੇ ਅਪੀਲ ਕੀਤੀ ਕਿ ਕਿਸੇ ਵੀ ਪੱਖ ਨੂੰ ਪੂਰੀ ਤਰ੍ਹਾਂ ਜਾਣੇ ਬਿਨ੍ਹਾਂ ਧਾਰਮਿਕ ਰੰਗਤ ਦੇਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਸਟਾਫ ਮੈਂਬਰ ਵੀ ਸਿੱਖ ਪ੍ਰਵਾਰਾਂ ਨਾਲ ਸਬੰਧਤ ਹਨ, ਸਕੂਲ ਵਿਚ ਕਦੀ ਵੀ ਅਜਿਹੇ ਫ਼ੈਸਲੇ ਨਹੀਂ ਸੁਣਾਏ ਗਏ। ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇਣਾ ਮੰਦਭਾਗਾ ਹੈ।