ਢੀਂਡਸਾ ਦੇ ਅਸਤੀਫ਼ੇ ਨੂੰ ਗ਼ਲਤ ਦਸਣ ਲਈ ਅਕਾਲੀ ਦਲ ਵਲੋਂ ਵਾਇਰਲ ਕੀਤੀ ਚਿੱਠੀ ਸਵਾਲਾਂ 'ਚ ਘਿਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢੀਂਡਸਾ ਨੇ ਰਾਜ ਸਭਾ ਵਿਚ ਅਕਾਲੀ ਦਲ ਦੇ ਗਰੁਪ ਲੀਡਰ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ

Sukhdev Dhindsa

ਚੰਡੀਗੜ੍ਹ (ਕੰਵਲਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਰਾਜ ਸਭਾ ਵਿਚ ਪਾਰਟੀ ਦੇ ਮੈਂਬਰਾਂ ਦੇ ਗਰੁਪ ਦੇ ਆਗੂ ਦੇ ਅਹੁਦੇ ਤੋਂ ਦਿਤੇ ਅਸਤੀਫ਼ੇ ਨੂੰ ਝੂਠਾ ਸਾਬਤ ਕਰਨ ਲਈ ਅਕਾਲੀ ਦਲ ਵਲੋਂ ਵਾਇਰਲ ਕੀਤੀ ਚਿੱਠੀ ਵਿਵਾਦਾਂ ਵਿਚ ਘਿਰ ਗਈ ਹੈ। ਢੀਂਡਸਾ ਨੇ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਰਾਜ ਸਭਾ ਵਿਚ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਚਿੱਠੀ ਦੋ ਦਿਨ ਪਹਿਲਾਂ ਭੇਜੀ ਸੀ। ਉਨ੍ਹਾਂ ਨੇ ਅਸਤੀਫ਼ੇ ਦੀ ਕਾਪੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਵੀ ਭੇਜ ਦਿਤੀ ਸੀ।

ਸੁਖਦੇਵ ਸਿੰਘ ਢੀਂਡਸਾ ਨੇ ਫ਼ੋਨ 'ਤੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਸਿਹਤ ਪੱਖੋਂ ਤੰਦਰੁਸਤ ਹਨ ਪਰ ਅਸਤੀਫ਼ੇ ਬਾਰੇ ਕੋਈ ਟਿਪਣੀ ਨਹੀਂ ਕਰਨਗੇ। ਦੂਜੇ ਬੰਨ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਕ ਪੱਤਰ ਜਾਰੀ ਕਰ ਕੇ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਨੂੰ ਰਾਜ ਸਭਾ ਵਿਚ ਅਪਣੀ ਲੀਡਰਸ਼ਿਪ ਬਦਲਣ ਬਾਰੇ 12 ਜੂਨ 2019 ਨੂੰ ਪੱਤਰ ਲਿਖ ਕੇ ਜਾਣਕਾਰੀ ਦੇ ਚੁਕਿਆ ਹੈ। ਅਕਾਲੀ ਦਲ ਨੇ ਇਕ ਫ਼ੈਸਲੇ ਰਾਹੀਂ ਢੀਂਡਸਾ ਦੀ ਥਾਂ ਬਲਵਿੰਦਰ ਸਿੰਘ ਭੂੰਦੜ ਨੂੰ ਦਲ ਦੇ ਗਰੁਪ ਦੇ ਲੀਡਰ ਦਾ ਅਹੁਦਾ ਦੇ ਦਿਤਾ ਹੈ। ਨਰੇਸ਼ ਗੁਜ਼ਰਾਲ ਡਿਪਟੀ ਲੀਡਰ ਬਣਾਏ ਗਏ ਹਨ। ਦਲ ਵਲੋਂ ਫ਼ੈਸਲੇ ਦੀ ਕਾਪੀ ਰਾਜ ਸਭਾ ਦੇ ਜਨਰਲ ਸਕੱਤਰ ਨੂੰ ਭੇਜੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਜਿਹੜੀ ਚਿੱਠੀ 12 ਜੂਨ 2019 ਨੂੰ ਲਿਖੀ ਸੀ ਉਸ ਵਿਚ ਬਲਵਿੰਦਰ ਸਿੰਘ ਭੂੰਦੜ ਨੂੰ ਨਵਾਂ ਲੀਡਰ ਲਗਾ ਦਿਤਾ ਗਿਆ ਸੀ। ਪਰ ਦਲ ਦੀ ਇਸ ਚਿੱਠੀ ਨਾਲ ਕਈ ਸਵਾਲ ਖੜੇ ਹੁੰਦੇ ਹਨ ਕਿ ਜੇਕਰ ਜੂਨ ਵਿਚ ਹੀ ਭੂੰਦੜ ਨੂੰ ਨਵਾਂ ਨੇਤਾ ਬਣਾ ਦਿਤਾ ਗਿਆ ਸੀ ਤਾਂ ਉਪ ਰਾਸ਼ਟਰਪਤੀ ਜਿਹੜੇ ਕਿ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਹਨ ਵਲੋਂ ਪਿਛਲੇ ਸੈਸ਼ਨ ਵਿਚ ਅਕਾਲੀ ਦਲ ਦੇ ਲੀਡਰ ਦੀ ਹੈਸੀਅਤ ਵਿਚ ਢੀਂਡਸਾ ਨੂੰ ਸੱਦਾ ਕਿਉਂ ਭੇਜਿਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜ਼ਿਮਨੀ ਚੋਣਾਂ ਤੋਂ ਦੋ ਦਿਨ ਪਹਿਲਾਂ ਢੀਂਡਸਾ ਵਲੋਂ ਦਿਤੇ ਅਸਤੀਫ਼ੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨੀਂਦ ਦੁਬਾਰਾ ਉਡਾ ਦਿਤੀ ਹੈ ਅਤੇ ਉਨ੍ਹਾਂ ਦੀ ਤਰਫ਼ ਤੋਂ ਡਾ. ਦਲਜੀਤ ਸਿੰਘ ਚੀਮਾ ਵਲੋਂ ਜਾਰੀ ਕਰਵਾਈ ਚਿੱਠੀ ਉਲਟੀ ਪੈਣ ਲੱਗੀ ਹੈ।

ਜ਼ਿਮਨੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਇਹ ਦੂਜਾ ਝਟਕਾ ਦਸਿਆ ਜਾ ਰਿਹਾ ਹੈ, ਹਾਲਾਂਕਿ ਢੀਂਡਸਾ ਵਲੋਂ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਕਾਨੂੰਨੀ ਤੌਰ 'ਤੇ ਲਾਜ਼ਮੀ ਬਣਦਾ ਹੈ। ਲੰਘੇ ਕਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਅਸਤੀਫ਼ਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਸੀਨੀਅਰ ਨੇਤਾਵਾਂ ਵਲੋਂ ਪਾਰਟੀ ਤੋਂ ਦੂਰੀ ਬਣਾਉਣ ਨਾਲ ਅਕਸ ਨੂੰ ਧੱਕਾ ਤਾਂ ਲੱਗਦਾ ਹੈ। ਇਕ ਹੋਰ ਨੇਤਾ ਦਾ ਮਤ ਹੈ ਕਿ ਨਵੀਂ ਰਾਜ ਸਭਾ ਦੇ ਗਠਨ ਤੋਂ ਬਾਅਦ ਢੀਂਡਸਾ ਲਈ ਅਹੁਦੇ ਤੋਂ ਅਸਤੀਫ਼ਾ ਦੇਣਾ ਜ਼ਰੂਰੀ ਹੋ ਗਿਆ ਸੀ। ਉਂਜ ਇਥੇ ਚੇਤੇ ਕਰਵਾਉਣਾ ਲਾਜ਼ਮੀ ਹੋਵੇਗਾ ਕਿ ਢੀਂਡਸਾ ਵਲੋਂ ਕੁੱਝ ਮਹੀਨੇ ਪਹਿਲਾਂ ਦਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਨਾਲ ਹੋਰ ਕਈ ਨੇਤਾ ਵੀ ਬਗ਼ਾਵਤ ਕਰ ਗਏ ਸਨ ਅਤੇ ਉਨ੍ਹਾਂ ਨੇ ਅਕਾਲੀ ਦਲ ਟਕਸਾਲੀ ਬਣਾ ਲਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।