ਭਾਜਪਾ ਦੀ 'ਨਸ਼ੇ ਦੇ ਵਪਾਰੀ ਅਕਾਲੀਆਂ' ਨਾਲ ਪੁਗਣੀ ਔਖੀ : ਖੱਟਰ ਦੀ ਦੋ ਟੁਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੱਟਰ ਨੇ ਕਿਹਾ ਕਿ ਅਕਾਲੀ ਦਲ ਮੇਰੇ ਕੋਲ ਚੋਣ ਗੱਠਜੋੜ ਲਈ ਆਇਆ ਸੀ ਪਰ ਮੈਂ ਇਹ ਕਹਿ ਕੇ ਨਾਂਹ ਕਰ ਦਿਤੀ ਕਿ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ

Haryana CM Khattar

ਚੰਡੀਗੜ੍ਹ  (ਕੰਵਲਜੀਤ ਸਿੰਘ ਬਨਵੈਤ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਕਾਲੀਆਂ ਨਾਲ ਚੋਣ ਗੱਠਜੋੜ ਬਾਰੇ ਦੋ ਹਰਫ਼ੀ ਗੱਲ ਨਿਬੇੜਦਿਆਂ ਕਹਿ ਦਿਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਸ਼ੇ ਦੇ ਵਪਾਰੀਆਂ ਸ਼ੋਮਣੀ ਅਕਾਲੀ ਦਲ ਨਾਲ ਨਿਭਣੀ ਸੰਭਵ ਨਹੀਂ ਹੈ। ਉਨ੍ਹਾਂ ਨੇ ਵਿਧਾਨ ਸਭਾ ਹਲਕਾ ਕਾਲਿਆਂਵਾਲੀ ਵਿਚ ਇਕ ਇੱਕਠ ਨੂੰ ਸੰਬੋਧਨ ਕਰਦਿਆਂ ਬਗ਼ੈਰ ਕਿਸੇ ਨੇਤਾ ਦਾ ਨਾਂ ਲਿਆ ਕਿਹਾ ਹੈ ਕਿ ਅਕਾਲੀ ਦਲ ਦੇ ਇਕੋ ਇਕ ਸਿਟਿੰਗ ਵਿਧਾਇਕ ਨੂੰ ਨਸ਼ਿਆਂ ਦੇ ਦੋਸ਼ਾਂ ਵਿਚ ਘਿਰ ਜਾਣ ਕਰ ਕੇ ਅੰਗੂਠਾ ਦਿਖਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਅਕਾਲੀ ਵਿਧਾਇਕ ਨੂੰ ਟਿਕਟ ਨਾ ਦੇਣ ਤੋਂ ਪਹਿਲਾ ਪੂਰੀ ਪੜਤਾਲ ਕੀਤੀ ਗਈ ਸੀ ਜਿਸ ਤੋਂ ਇਹ ਪਤਾ ਲੱਗਾ ਸੀ ਕਿ ਇਹ ਉਸ ਦਾ ਨਾਂ ਨਸ਼ਿਆਂ ਦੇ ਕਾਰੋਬਾਰੀਆਂ ਵਿਚ ਵਜਦਾ ਹੈ।ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਜਦੋਂ ਕਿਸੇ ਦੀ ਮੌਤ ਆਉਂਦੀ ਹੈ ਤਾਂ ਪਿੰਡਾ ਵਿਚ ਪੋਸਟਰ ਨਹੀਂ ਲਗਦੇ। ਇਹੀ ਹਾਲ ਅਕਾਲੀ ਦਲ ਦੇ ਸਿਟਿੰਗ ਵਿਧਾਇਕ ਦਾ ਹੋਇਆ ਹੈ।

ਖੱਟਰ ਨੇ ਕਿਹਾ ਕਿ ਅਕਾਲੀ ਦਲ ਮੇਰੇ ਕੋਲ ਚੋਣ ਗੱਠਜੋੜ ਲਈ ਆਇਆ ਸੀ ਪਰ ਮੈਂ ਇਹ ਕਹਿ ਕੇ ਨਾਂਹ ਕਰ ਦਿਤੀ ਕਿ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ। ਉਨ੍ਹਾਂ ਨੇ ਅਪਣੀ ਗੱਲ ਸਿਆਸੀ ਰੰਗਤ ਵਿਚ ਲਪੇਟਦਿਆਂ ਕਿਹਾ ਕਿ ਜੇ ਸੁਖਬੀਰ ਹਰਿਆਣੇ ਨੂੰ ਹਿੱਸੇ ਦਾ ਪਾਣੀ ਦੇਣ ਦੀ ਹਾਮੀ ਭਰ ਦੇਵੇ ਤਾਂ ਅਸੀਂ ਜਿੱਤੀਆਂ ਤਿੰਨ ਸੀਟਾਂ ਵੀ ਅਕਾਲੀ ਦਲ ਲਈ ਛੱਡਣ ਲਈ ਤਿਆਰ ਹਾਂ।