ਅਨਿਲ ਜੋਸ਼ੀ ਦੇ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵਲੋਂ ਡਟਵਾਂ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸੀ ਆਗੂਆਂ ਨੇ ਮੰਨਿਆ ਸੀ ਕਿ ਜਦੋਂ ਤੱਕ ਕਿਸਾਨ ਮੋਰਚਾ ਚਲ ਰਿਹਾ ਹੈ,ਕਿਸੇ ਵਲੋਂ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ ਪਰ ਹੁਣ ਇਹ ਆਪਣੇ ਵਾਅਦੇ ਤੋਂ ਮੁਕਰ ਰਹੇ ਹਨ।

Farmers Protest in Mansa

ਮਾਨਸਾ : ਭਾਜਪਾ ਛੱਡ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਦਾ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਅੱਜ ਅਨਿਲ ਜੋਸ਼ੀ ਦੇ ਮਾਨਸਾ ਜਾਣ ਦੀ ਖ਼ਬਰ ਦੇ ਚਾਲਾਂ ਕਿਸਾਨਾਂ ਵਲੋਂ ਪਹਿਲਾਂ ਹੀ ਉਸ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀਆਂ ਹੈ।

ਉਥੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਸਾਡੀ ਮਨਸ਼ਾਂ ਉਨ੍ਹਾਂ ਦਾ ਵਿਰੋਧ ਕਰਨ ਦੀ ਨਹੀਂ ਸਗੋਂ ਅਸੀਂ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਹਾਂ ਅਤੇ ਹਾਲਾਂਕਿ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਅਨਿਲ ਜੋਸ਼ੀ ਨਾਲ ਉਨ੍ਹਾਂ ਦੀ ਮੁਲਾਕਾਤ ਕਾਰਵਾਈ ਜਾਵੇਗੀ ਪਰ ਸਾਨੂੰ ਉਨ੍ਹਾਂ 'ਤੇ ਭਰੋਸਾ ਨਹੀਂ ਹੈ ਕਿਉਂਕਿ ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ। ਇਸ ਲਈ ਅਸੀਂ ਅੱਜ ਇਥੇ ਡਟੇ ਹੋਏ ਹਾਂ।

ਇਸ ਸਮੇਂ ਇਕ ਕਿਸਾਨ ਨੇ ਕਿਹਾ ਕਿ ਭਾਵੇਂ ਅਨਿਲ ਜੋਸ਼ੀ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ ਪਰ ਅਸੀਂ ਉਸ ਨੂੰ ਭਾਜਪਾ ਦਾ ਨੁਮਾਇੰਦਾ ਹੀ ਸਮਝਦੇ ਹਾਂ ਅਤੇ ਉਸ ਨੂੰ ਸਵਾਲ ਪੁੱਛਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਵੀ ਇਕ ਦਿਨ ਕਿਹਾ ਸੀ ਕਿ ਉਨ੍ਹਾਂ ਨਾਲ ਮੁਲਾਕਾਤ ਕਰਵਾ ਦਿੱਤੀ ਜਾਵੇਗੀ ਪਰ ਸਾਨੂੰ ਉਨ੍ਹਾਂ ਦੇ ਆਉਣ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਉਹ ਚੁੱਪ ਚਪੀਤੇ ਹੀ ਇਥੋਂ ਵਾਪਸ ਚਲੇ ਗਏ। ਇਸ ਲਈ ਅੱਜ ਅਸੀਂ ਪ੍ਰਸ਼ਾਸਨ 'ਤੇ ਨਿਰਭਰ ਨਾ ਰਹਿ ਕੇ ਇਥੇ ਡਟੇ ਹੋਏ ਹਾਂ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨਾਲ ਮਿਲ ਕਿ ਪ੍ਰਸ਼ਾਸਨ ਵਲੋਂ ਚੋਰ ਮੋਰੀਆਂ ਕੀਤੀਆਂ ਜਾ ਰਹੀਆਂ ਹਨ ਉਹ ਅਸੀਂ ਨਹੀਂ ਹੋਣ ਦੇਵਾਂਗੇ। 

ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੇ ਇਹ ਚੰਡੀਗੜ੍ਹ ਵਿਚ ਮੰਨਿਆ ਸੀ ਕਿ ਜਦੋਂ ਤੱਕ ਕਿਸਾਨ ਮੋਰਚਾ ਚਲ ਰਿਹਾ ਹੈ ਉਦੋਂ ਤੱਕ ਕਿਸੇ ਵਲੋਂ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ ਪਰ ਹੁਣ ਇਹ ਆਪਣੇ ਵਾਅਦੇ ਤੋਂ ਮੁਕਰ ਰਹੇ ਹਨ ਜਿਸ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਕਿਸਾਨਾਂ ਵਲੋਂ ਸ਼੍ਰੋਮਣੀ-ਬਸਪਾ ਗਠਜੋੜ ਮੁਰਦਾਬਾਦ ਅਤੇ ਕਿਸਾਨ-ਮੋਰਚਾ ਜ਼ਿੰਦਾਬਾਦ ਦੇ ਨਾਹਰੇ ਵੀ ਲਗਾਏ।