ਲੁਧਿਆਣਾ ਪੁਲਿਸ ਨੇ ਚਾਚੀ ਅਤੇ ਭਤੀਜੇ ਨੂੰ ਅਫੀਮ ਸਣੇ ਕੀਤਾ ਕਾਬੂ; 20 ਹਜ਼ਾਰ ਰੁਪਏ ਬਦਲੇ ਕੀਤੀ ਤਸਕਰੀ
ਮਿਲੀ ਜਾਣਕਾਰੀ ਅਨੁਸਾਰ ਦੋਵਾਂ ਤਸਕਰਾਂ ਨੇ ਪੁਲਿਸ ਨੂੰ ਉਨ੍ਹਾਂ ਦੀ ਤਲਾਸ਼ੀ ਲੈਣ ਤੋਂ ਇਨਕਾਰ ਕਰ ਦਿਤਾ।
ਲੁਧਿਆਣਾ: ਜੀਆਰਪੀ ਪੁਲਿਸ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਨਸ਼ਾ ਤਸਕਰ ਚਾਚੀ ਅਤੇ ਭਤੀਜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਅੰਮ੍ਰਿਤਸਰ ਵਿਚ ਅਫੀਮ ਸਪਲਾਈ ਕਰਨ ਜਾ ਰਹੇ ਸਨ। ਉਹ ਦੋਵੇਂ ਗਲਤੀ ਨਾਲ ਜੰਮੂ ਵਾਲੀ ਟਰੇਨ ਵਿਚ ਬੈਠ ਗਏ ਪਰ ਉਸ ਟਰੇਨ ਨੇ ਅੰਮ੍ਰਿਤਸਰ ਨਹੀਂ ਜਾਣਾ ਸੀ। ਦੋਵੇਂ ਤਸਕਰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਤਰੇ। ਉਨ੍ਹਾਂ ਨੂੰ ਪਲੇਟਫਾਰਮ ਨੰਬਰ 4-5 'ਤੇ ਚੈਕਿੰਗ ਲਈ ਰੋਕਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਦੋਵਾਂ ਤਸਕਰਾਂ ਨੇ ਪੁਲਿਸ ਨੂੰ ਉਨ੍ਹਾਂ ਦੀ ਤਲਾਸ਼ੀ ਲੈਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਰਜੇ ਦੇ ਅਧਿਕਾਰੀ ਤੋਂ ਚੈਕਿੰਗ ਕਰਵਾਉਣਗੇ। ਐਸਪੀ ਬਲਰਾਮ ਰਾਣਾ ਨੇ ਮੌਕੇ ’ਤੇ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਕੁੱਲ 12 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮਾਂ ਨੇ ਇਹ ਅਫੀਮ ਅੰਮ੍ਰਿਤਸਰ ਦੇ ਇਕ ਨਸ਼ਾ ਤਸਕਰ ਨੂੰ ਸਪਲਾਈ ਕਰਨੀ ਸੀ। ਮੁਲਜ਼ਮ 10-10 ਹਜ਼ਾਰ ਰੁਪਏ ਦੇ ਲਾਲਚ ਵਿਚ ਇਸ ਤਸਕਰੀ ਨੂੰ ਅੰਜਾਮ ਦੇਣ ਜਾ ਰਹੇ ਸੀ।
ਐਸਪੀ ਬਲਰਾਮ ਰਾਣਾ ਨੇ ਦਸਿਆ ਕਿ ਸੀਆਈਏ ਰੇਲਵੇ ਇੰਚਾਰਜ ਪਲਵਿੰਦਰ ਸਿੰਘ ਨੇ ਵਿਸ਼ੇਸ਼ ਟਰੈਪ ਲਗਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਖਾਤੂਨ ਬੈਗੁਮ ਅਤੇ ਮੁਹੰਮਦ ਆਸਿਫ ਵਜੋਂ ਹੋਈ ਹੈ। ਮੁਲਜ਼ਮ ਬਰੇਲੀ ਤੋਂ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਹੇ ਸਨ। ਫੜੀ ਗਈ ਔਰਤ ਕਿਸਾਨ ਹੈ। ਉਸ ਦਾ ਭਤੀਜਾ ਆਸਿਫ਼ ਵਾਹਨਾਂ ਦਾ ਕੰਮ ਕਰਦਾ ਹੈ। ਪੈਸਿਆਂ ਦੇ ਲਾਲਚ ਕਾਰਨ ਦੋਵੇਂ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਹੋ ਗਏ।