ਕੀ ਸ਼੍ਰੋਮਣੀ ਕਮੇਟੀ ਨੇ ਸੁਲਤਾਨਪੁਰ ਲੋਧੀ ਤੋਂ 'ਸੋਨੇ ਦਾ ਪੱਤਰਾ' ਗ਼ਾਇਬ ਕੀਤੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਇਰਲ ਹੋ ਰਹੇ ਮੈਸੇਜ਼ 'ਤੇ ਗੁਰਦੁਆਰੇ ਦੇ ਮੈਨੇਜਰ ਦਾ ਜਵਾਬ, ਐਸਜੀਪੀਸੀ 'ਤੇ ਇਲਜ਼ਾਮਾਂ ਵਾਲਾ ਮੈਸੇਜ਼ ਹੋ ਰਿਹੈ ਵਾਇਰਲ

SGPC

ਅਮ੍ਰਿੰਤਸਰ- ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਇਕ ਮੈਸੇਜ਼ ਧੜਾਧੜ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ 'ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਕਿਸੇ ਸ਼ਰਧਾਲੂ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੜ੍ਹਾਇਆ ਗਿਆ ਸੋਨੇ ਦਾ ਪੱਤਰਾ ਗ਼ਾਇਬ ਕਰ ਲਿਆ ਹੈ, ਜਦਕਿ ਪ੍ਰਬੰਧਕਾਂ ਮੁਤਾਬਕ ਉਸ ਸੋਨੇ ਦੇ ਪੱਤਰੇ ਨੂੰ ਗੁਰਦੁਆਰਾ ਸਾਹਿਬ ਦੇ ਤੋਸ਼ੇਖ਼ਾਨੇ ਵਿਚ ਜਮ੍ਹਾਂ ਕੀਤਾ ਗਿਆ ਸੀ।

ਜਦੋਂ ਇਸ ਵਾਇਰਲ ਹੋ ਰਹੇ ਮੈਸੇਜ਼ ਦਾ ਅਸਲ ਸੱਚ ਜਾਣਨ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਾਇਰਲ ਹੋ ਰਹੇ ਮੈਸੇਜ਼ ਨੂੰ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਵਾਇਰਲ ਹੋ ਰਹੇ ਮੈਸੇਜ਼ ਵਿਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਇਹ ਸ਼ਰਾਰਤੀ ਅਨਸਰਾਂ ਵੱਲੋਂ ਮਹਿਜ਼ ਪ੍ਰਬੰਧਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਜਾ ਰਹੇ ਮੈਸੇਜ਼ ਨੂੰ ਦੇਖਿਆ ਅਤੇ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕਾਂ 'ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਕਿਉਂਕਿ ਇਸ ਸੋਨੇ ਦੇ ਪੱਤਰੇ ਨੂੰ ਸੀਸੀਟੀਵੀ ਦੀ ਨਿਗਰਾਨੀ ਵਿਚ ਸੰਗਤਾਂ ਦੀ ਹਾਜ਼ਰੀ ਵਿਚ ਉਤਾਰਿਆ ਗਿਆ ਸੀ, ਜਿਸ ਨੂੰ ਪੂਰੇ ਰਿਕਾਰਡ ਦੇ ਨਾਲ ਤੋਸ਼ਾਖ਼ਾਨੇ ਵਿਚ ਜਮ੍ਹਾਂ ਕਰਵਾਇਆ ਗਿਆ ਸੀ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਗਲਤ ਮੈਜੇਸ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋ ਪੜਤਾਲ ਵਿਚ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਮੈਸੇਜ਼ ਵਿਚ ਕੋਈ ਸੱਚਾਈ ਨਹੀਂ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਰਾਰਤੀ ਅਨਸਰਾਂ ਵੱਲੋਂ ਵਾਇਰਲ ਕੀਤੇ ਜਾ ਰਹੇ ਗ਼ਲਤ ਮੈਸੇਜ਼ਾਂ 'ਤੇ ਧਿਆਨ ਨਾ ਦੇਣ।