ਭਾਰਤ-ਪਾਕਿ ਵਿਚਾਲੇ ਬੰਦ ਪਿਆ ਵਪਾਰ ਜਲਦ ਸ਼ੁਰੂ ਹੋਵੇ : ਔਜਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਵਪਾਰ ਤੇ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਦੇ ਮੁੱਦੇ ਨੂੰ ਸੰਸਦ 'ਚ ਉਠਾਇਆ

Congress leader Gurjit Singh Aujla

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੌੜੂ) : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸ਼ੈਸ਼ਨ ਵਿੱਚ ਆਪਣੇ ਪਲੇਠੇ ਭਾਸ਼ਣ ਵਿਚ ਸੰਸਦ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਦੀ ਵਧਾਈ ਦਿੰਦਿਆਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਤੇ ਮੰਗ ਕੀਤੀ ਕਿ ਪਿਛਲੇ ਸਮੇਂ ਵਿੱਚ ਅਟਾਰੀ ਸਰਹੱਦ ਰਾਹੀਂ ਬੰਦ ਪਏ ਭਾਰਤ-ਪਾਕਿਸਤਾਨ ਵਪਾਰ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਸ਼ੁਰੂ ਕੀਤਾ ਜਾਵੇ।

ਸੰਸਦ ਵਿਚ ਬੋਲਦਿਆਂ ਔਜਲਾ ਨੇ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲ੍ਹਣ ਤੇ ਕਿਹਾ ਕਿ ਰੋਜ਼ਾਨਾ ਅਰਦਾਸ ਵਿਚ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਕਰਨ ਦੀ ਮੰਗ ਕਰਨ ਵਾਲੇ ਸਿੱਖਾਂ ਦੀ 72 ਸਾਲਾ ਲਟਕਦੀ ਮੰਗ ਨੂੰ ਬੂਰ ਪਿਆ ਹੈ ਤੇ ਸਿੱਖ ਬਿਨ੍ਹਾਂ ਵੀਜ਼ਾ ਦੇ ਅਪਣੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਦੇ ਹਨ ਜਿਸ ਲਈ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦੇ ਹਨ।

ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼੍ਰੀ ਕਰਤਾਰਪੁਰ ਸਾਹਿਬ ਲਈ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰਨ ਲਈ ਕਦਮ ਉਠਾਏ ਤੇ ਦਰਸ਼ਨ ਦੀਦਾਰ ਕਰਨ ਲਈ 20 ਡਾਲਰ ਦੀ ਰੱਖੀ ਗਈ ਫ਼ੀਸ ਤੋਂ ਵੀ ਸਿੱਖ ਸੰਗਤਾਂ ਨੂੰ ਨਿਜਾਤ ਦਿਵਾਈ ਜਾਵੇ। ਔਜਲਾ ਨੇ ਸੰਸਦ ਵਿੱਚ ਮੰਗ ਕੀਤੀ ਕਿ ਪਿਛਲੇ ਸਮੇਂ ਵਿੱਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਬੰਦ ਪਏ ਭਾਰਤ-ਪਾਕਿਸਤਾਨ ਵਪਾਰ ਨੂੰ ਤੁਰਤ ਸ਼ੁਰੂ ਕੀਤਾ ਜਾਵੇ

ਕਿਉਂਕਿ ਅਟਾਰੀ-ਵਾਹਗਾ ਸਰਹੱਦ ਰਾਹੀਂ ਹੁੰਦੇ ਸਲਾਨਾ 1500 ਕਰੋੜ ਰੁਪਏ ਦੇ ਵਪਾਰ ਦੇ ਬੰਦ ਹੋਣ ਕਾਰਨ 5 ਹਜਾਰ ਲੋਕ ਸਿੱਧੇ ਤੌਰ ਤੇ ਅਤੇ 10 ਹਜ਼ਾਰ ਲੋਕ ਅਸਿੱਧੇ ਤੌਰ 'ਤੇ ਬੇਰੁਜ਼ਗਾਰ ਹੋਏ ਹਨ। ਅਟਾਰੀ ਸਰਹੱਦ ਰਾਹੀਂ ਹੁੰਦੇ ਭਾਰਤ-ਪਾਕਿਸਤਾਨ ਵਪਾਰ ਦੇ ਬੰਦ ਹੋਣ ਕਾਰਨ ਹਜ਼ਾਰਾਂ ਪਰਵਾਰਾਂ ਦੇ ਚੁੱਲਿਆਂ 'ਚ ਬਲਦੀ ਅੱਗ ਮੱਧਮ ਪੈ ਗਈ ਹੈ ਅਤੇ ਉਨ੍ਹਾਂ ਲੋਕਾਂ ਲਈ ਅਪਣੇ ਪਰਵਾਰ ਦੀ ਪਾਲਣਾ ਕਰਨਾ ਮੁਸ਼ਕਲ ਹੋਇਆ ਹੈ।