ਕਿਸਾਨਾਂ ਦੇ ਦਿੱਲੀ ਵੱਲ ਕੂਚ ਦੀ ਤਿਆਰੀ ਨੇ ਵਧਾਈ ਸਰਕਾਰਾਂ ਦੀ ਚਿੰਤਾ, ਮੀਟਿੰਗਾਂ ਦਾ ਦੌਰ ਸ਼ੁਰੂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਵਿਗਾੜ ਪੈਣ ਦੇ ਬਣਨ ਲੱਗੇ ਅਸਾਰ

Farmers protest

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਨੇ ਸਰਕਾਰਾਂ ਦੀ ਚਿੰਤਾ ਵਧਾ ਦਿਤੀ ਹੈ। ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਘੇਰਨ ਦੇ ਕੀਤੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਤੇਵਰਾਂ ’ਚ ਤਬਦੀਲੀ ਆਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਕਿਸਾਨਾਂ ਵਲੋਂ ਦਿੱਲੀ ਵੱਲ ਕੂਚ ਦੌਰਾਨ ਜਿੱਥੇ ਰੋਕਿਆ ਉਥੇ ਹੀ ਪੱਕਾ ਧਰਨਾ ਸ਼ੁਰੂ ਕਰ ਦੇਣ ਦੀ ਦਿਤੀ ਚਿਤਾਵਨੀ ਤੋਂ ਬਾਅਦ ਕਿਸਾਨੀ ਸੰਘਰਸ਼ ਦੇ ਦਿੱਲੀ ਵੱਲ ਸੇਧਿਤ ਹੋਣ ਦੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ। 

ਕਿਸਾਨ ਜਥੇਬੰਦੀਆਂ ਦੀ ਬੀਤੇ ਦਿਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਦੌਰਾਨ ਚਾਰ ਮਹੀਨਿਆਂ ਦਾ ਰਾਸ਼ਨ ਨਾਲ ਲਿਜਾਣ ਤੋਂ ਇਲਾਵਾ ਰਾਜਧਾਨੀ ਨੂੰ ਬਾਕੀ ਦੇਸ਼ ਨਾਲ ਜੋੜਦੇ ਪੰਜ ਰਸਤਿਆਂ ਕੁੰਡਲੀ ਬਾਰਡਰ, ਜੈਪੁਰ-ਦਿੱਲੀ ਹਾਈਵੇਅ, ਆਗਰਾ-ਦਿੱਲੀ ਹਾਈਵੇ, ਰੋਹਤਕ-ਹਿਸਾਰ-ਦਿੱਲੀ ਹਾਈਵੇਅ ਤੇ ਬਰੇਲੀ-ਦਿੱਲੀ ਹਾਈਵੇਅ ਰਾਹੀਂ ਦਿੱਲੀ ਅੰਦਰ ਦਾਖ਼ਲ ਹੋਣ ਦੀ ਗੱਲ ਕਹੀ ਗਈ ਸੀ। ਦਿੱਲੀ ਅੰਦਰ ਦਾਖ਼ਲ ਹੋਣ ਤੋਂ ਰੋਕਣ ਦੀ ਸੂਰਤ ’ਚ ਉਪਰੋਕਤ ਰਸਤਿਆਂ ਨੂੰ ਅਣਮਿਥੇ ਸਮੇਂ ਲਈ ਜਾਮ ਕਰਨ ਦੀ ਚਿਤਾਵਨੀ ਵੀ ਦਿਤੀ ਸੀ। 

ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਮੁਸਾਫ਼ਰ ਗੱਡੀਆਂ ਨੂੰ ਵੀ ਲਾਂਘਾ ਦੇਣ ਦੀ ਅਪੀਲ ਕੀਤੀ ਸੀ ਜੋ ਕਿਸਾਨ ਜਥੇਬੰਦੀਆਂ ਠੁਕਰਾ ਦਿਤੀ ਸੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਪਹਿਲਾਂ ਖ਼ਾਲੀ ਪਏ ਰੇਲਵੇ ਟਰੈਕਾਂ ’ਤੇ ਮਾਲ ਗੱਡੀਆਂ ਚਲਾਵੇ, ਇਸ ਤੋਂ ਬਾਅਦ ਉਹ ਮੁਸਾਫ਼ਿਰ ਗੱਡੀਆਂ ਨੂੰ ਲਾਘਾਂ ਦੇਣ ਬਾਰੇ ਸੋਚ ਸਕਦੇ ਹਨ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਵੀ ਵੱਡਾ ਦਿਲ ਦਿਖਾਉਂਦਿਆਂ ਮਾਲ ਗੱਡੀਆਂ ਚਾਲੂ ਕਰਨ ਦੀ ਨਸੀਹਤ ਦਿਤੀ ਜਿਸ ’ਤੇ ਕੇਂਦਰ ਦਾ ਕੋਈ ਹੁੰਗਾਰਾ ਨਹੀਂ ਆਇਆ। 

ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣੀ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਿਸਾਨ ਜਥੇਬੰਦੀਆਂ ਨੂੰ ਸੱਦਾ ਭੇਜ ਦਿਤਾ ਗਿਆ ਹੈ। ਮੁੱਖ ਮੰਤਰੀ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਭਲਕੇ (ਸਨਿੱਚਰਵਾਰ) 1:30 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਇਸ ਦੀ ਪੁਸ਼ਟੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ  ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਵੀ ਕੀਤੀ ਹੈ। ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਕਿਸਾਨਾਂ ਨੇ ਕੀ ਗੱਲ ਕਰਨੀ ਹੈ ਜਾਂ ਕੀ ਮੰਗ ਰੱਖਣੀ ਹੈ, ਇਸ ਬਾਰੇ ਕਿਸਾਨ ਜਥੇਬੰਦੀਆਂ ਆਪਸ ਵਿਚ ਵਿਚਾਰ-ਵਟਾਂਦਰਾ ਕਰ ਰਹੀਆਂ ਹਨ।

ਦੂਜੇ ਪਾਸੇ ਪੰਜਾਬ ਸਰਕਾਰ ਦੇ ਵਤੀਰੇ ’ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਕਿਸਾਨ ਜਥੇਬੰਦੀਆਂ ਦੇ ਕੁੱਝ ਆਗੂ ਕੈਪਟਨ ਸਰਕਾਰ ’ਤੇ ਕਿਸਾਨਾਂ ਦੇ ਸੰਘਰਸ਼ ਨੂੰ ਠੰਢਾ ਕਰਨ ਲਈ ਨਸੀਹਤਾਂ ਦੇਣ ਦੇ ਦੋਸ਼ ਲਾਉਣ ਲੱਗੇ ਹਨ। ਕਿਸਾਨ ਆਗੂ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਲਈ ਸਮਾਂ ਮੰਗਣ ’ਤੇ ਵੀ ਸਵਾਲ ਉਠਾ ਰਹੇ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਮੁਤਾਬਕ ਕੈਪਟਨ ਸਰਕਾਰ ਈਡੀ ਦੀ ਕਾਰਵਾਈ ਤੋਂ ਘਬਰਾ ਗਈ ਹੈ ਤੇ ਕੇਂਦਰ ਦੇ ਦਬਾਅ ਹੇਠ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।