ਸਾਜ਼ਿਸ਼ ਤਹਿਤ ਲੋਕਾਂ ਦਾ ਧਿਆਨ ਭਟਕਾਉਣ ਲਈ ਕਰਵਾਈਆਂ ਜਾ ਰਹੀਆਂ ਬੇਅਦਬੀਆਂ- ਕੁੰਵਰ ਵਿਜੈ ਪ੍ਰਤਾਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਹ ਸਾਜ਼ਿਸ਼ ਰਚੀ, ਉਹਨਾਂ ਨੇ ਹੀ ਬੰਦੇ ਨੂੰ ਤੁਰੰਤ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ ਤਾਂ ਜੋ ਸਾਜ਼ਿਸ਼ ਦਾ ਖੁਲਾਸਾ ਨਾ ਹੋ ਸਕੇ।  

Kunwar Vijay Pratap Singh

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਦਬੀ ਨੂੰ ਲੈ ਕੇ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਇਹ ਘਟਨਾ ਇਕ ਸਾਜ਼ਿਸ਼ ਹੈ। ਪਿਛਲੀ ਵਾਰ ਵੀ ਸੋਚੀ ਸਮਝੀ ਸਾਜ਼ਿਸ਼ ਤਹਿਤ ਲੋਕਾਂ ਦਾ ਧਿਆਨ ਭਟਕਾਉਣ ਲਈ ਬੇਅਦਬੀ ਕਰਵਾਈ ਗਈ ਸੀ। ਹੁਣ ਵੀ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਭ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਹ ਸਾਜ਼ਿਸ਼ ਰਚੀ, ਉਹਨਾਂ ਨੇ ਹੀ ਬੰਦੇ ਨੂੰ ਤੁਰੰਤ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ ਤਾਂ ਜੋ ਸਾਜ਼ਿਸ਼ ਦਾ ਖੁਲਾਸਾ ਨਾ ਹੋ ਸਕੇ।  

ਕੁੰਵਰ ਵਿਜੈ ਪ੍ਰਤਾਪ ਦਾ ਕਹਿਣਾ ਹੈ ਕਿ ਇਹ ਸਾਜ਼ਿਸ਼ ਵੀ ਉਸੇ ਪਰਿਵਾਰ ਨੇ ਰਚੀ ਹੈ, ਜਿਸ ਨੇ ਪਹਿਲੀ ਬੇਅਦਬੀ ਦੀ ਸਾਜ਼ਿਸ਼ ਰਚੀ ਸੀ। ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾ ਕੇ ਜਾਂਚ ਹੋਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਕੀਤਾ ਜਾਵੇਗਾ ਕਿਉਂਕਿ ਸਾਰੇ ਆਪਸ ਵਿਚ ਰਲੇ ਹੋਏ ਹਨ। ਸਿਆਸੀ ਲਾਭ ਲੈਣ ਵਾਲੇ ਵੱਡੇ ਪਰਿਵਾਰ ਵਲੋਂ ਇਸ ਘਟਨਾ ਨੂੰ ਅੰਜਾਮ ਦਿਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਹ ਜਾਂਚ ਆਮ ਜਨਤਾ ਵਲੋਂ ਕੀਤੀ ਜਾਵੇਗੀ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ, ਉਹ ਹੁਣ ਗੁੰਮਰਾਹ ਨਹੀਂ ਹੋਣਗੇ।

ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਬੋਲਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਜਦੋਂ ਕੈਪਟਨ ਨੇ ਕਾਂਗਰਸ ਪਾਰਟੀ ਛੱਡੀ ਸੀ ਤਾਂ ਉਹਨਾਂ ਕਿਹਾ ਕਿ ਮੈਨੂੰ ਜਲੀਲ ਕੀਤਾ ਗਿਆ, ਉਹਨਾਂ ਨੂੰ ਇਸ ਲਈ ਜਲੀਲ ਹੋਣਾ ਪਿਆ ਕਿਉਂਕਿ ਕੈਪਟਨ ਨੇ ਪੰਜਾਬੀਆਂ ਅਤੇ ਪੂਰੇ ਦੇਸ਼ ਨੂੰ ਜਲੀਲ ਕੀਤਾ ਸੀ। ਕੁੰਵਰ ਵਿਜੈ ਪ੍ਰਤਾਪ ਨੇ ਦੱਸਿਆ ਕਿ ਜਦੋਂ ਬੇਅਦਬੀ ਮਾਮਲੇ ਦੀ ਜਾਂਚ ਚੱਲ ਰਹੀ ਸੀ ਤਾਂ ਕੈਪਟਨ ਦੇ ਸਾਰੇ ਅਫਸਰ ਹੌਲੀ-ਹੌਲੀ ਪਾਸੇ ਹੁੰਦੇ ਗਏ। ਬਤੌਰ ਗ੍ਰਹਿ ਮੰਤਰੀ ਕੈਪਟਨ ਨੂੰ ਉਹਨਾਂ ਅਫ਼ਸਰਾਂ ਕੋਲੋਂ ਰਿਪੋਰਟ ਮੰਗਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਉਹਨਾਂ ਵਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਕਿਸੇ ਨੇ ਕੋਈ ਗਲਤ ਟਿੱਪਣੀ ਨਹੀਂ ਕੀਤੀ, ਹਾਈ ਕੋਰਟ ਨੇ ਮੇਰੀ ਰਿਪੋਰਟ ਦੇਖੀ ਹੀ ਨਹੀਂ। ਸੁਣਵਾਈ ਦੌਰਾਨ ਉਹਨਾਂ ਨੂੰ ਹਾਈ ਕੋਰਟ ਵਿਚ ਰਿਪੋਰਟ ਦੀ ਕਾਪੀ ਮੰਗਵਾਉਣ ਲਈ ਕਹਿਣਾ ਚਾਹੀਦਾ ਸੀ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ।

ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਕੈਪਟਨ ਕਹਿ ਰਹੇ ਨੇ ਕਿ ਚੰਨੀ ਸਾਬ੍ਹ ਬਾਦਲ ਪਰਿਵਾਰ ਨਾਲ ਮਿਲੇ ਹੋਏ ਹਨ ਜਦਕਿ ਚੰਨੀ ਕਹਿ ਰਹੇ ਨੇ ਕਿ ਕੈਪਟਨ ਬਾਦਲਾਂ ਨਾਲ ਮਿਲੇ ਹੋਏ ਹਨ, ਇਹ ਸਿਲਸਿਲਾ ਹੁਣ ਖਤਮ ਹੋਣਾ ਚਾਹੀਦਾ ਹੈ। ਪੰਜਾਬ ਦੀ ਜਨਤਾ ਇਹਨਾਂ ਸਾਰੇ ਪਰਿਵਾਰਾਂ ਨੂੰ ਜਵਾਬ ਦੇਵੇਗੀ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਸਾਰੇ ਪੁਲਿਸ ਅਧਿਕਾਰੀ ਸਿਆਸਤ ਦੇ ਗੁਲਾਮ ਹੋ ਚੁੱਕੇ ਹਨ, ਉਹੀ ਚੀਜ਼ ਲਾਗੂ ਹੋਵੇਗੀ ਜੋ ਸਿਆਸਤਦਾਨ ਕਹਿਣਗੇ। ਉਹਨਾਂ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਨੇ ਪੰਜਾਬ ਨੂੰ ਇਸ ਤਰੀਕੇ ਨਾਲ ਚਲਾਇਆ ਕਿ ਪੰਜਾਬ ਵਿਚ ਸੀਐਮ ਕੇਂਦਰਿਤ ਸ਼ਾਸਨ ਹੋ ਗਿਆ ਹੈ। ਜਦਕਿ ਸੰਵਿਧਾਨ ਅਨੁਸਾਰ ਚੋਣਾਂ ਜਿੱਤਣ ਵਾਲੀ ਪਾਰਟੀ ਦੇ ਵਿਧਾਇਕ ਸਰਬਸੰਮਤੀ ਨਾਲ ਜਾਂ ਵੋਟਿੰਗ ਨਾਲ ਅਪਣਾ ਮੁੱਖ ਮੰਤਰੀ ਚੁਣਦੇ ਹਨ।

ਉਹਨਾਂ ਕਿਹਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਆਮ ਜਨਤਾ ਦੀ ਸਰਕਾਰ ਹੋਵੇਗੀ ਅਤੇ ਆਮ ਜਨਤਾ ਹੀ ਮੁੱਖ ਮੰਤਰੀ ਹੋਵੇਗੀ, ਆਮ ਵਿਅਕਤੀ ਹੀ ਮੁੱਖ ਮੰਤਰੀ ਹੋਵੇਗਾ। ਉਹਨਾਂ ਕਿਹਾ ਕਿ ਸਾਰੇ ਕਿਸਾਨ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਗੇ, ਆਮ ਲੋਕ ਵੀ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ, ਹੁਣ ਉਹ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ। ਉਹਨਾਂ ਕਿਹਾ ਕਿ ਹੁਣ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਬੰਦ ਹੋਣਾ ਚਾਹੀਦਾ ਹੈ। ਉਹਨਾਂ ਅਪੀਲ ਕੀਤੀ ਕਿ ਪੰਜਾਬ ਨੂੰ ਪੰਜਾਬੀਆਂ ਦੇ ਹਵਾਲੇ ਕਰਕੇ, ਸ਼ਾਂਤੀ ਨਾਲ ਅੱਗੇ ਵਧਣ ਦਿੱਤਾ ਜਾਵੇ।