ਆਕਸੀਮੀਟਰ ’ਤੇ ਬੱਚੇ ਦੀ ਉਂਗਲੀ ਰੱਖਦਿਆਂ ਹੀ ਪਤਾ ਲੱਗੇਗਾ ਪੀਲੀਆ ਦਾ ਲੈਵਲ, ਨਹੀਂ ਹੋਵੇਗੀ ਬਲੱਡ ਟੈਸਟ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਸਟੀਚਿਊਟ ਆਫ ਨੈਨੋ ਸਾਇੰਸ ਐਂਡ ਟੈਕਨਾਲੋਜੀ ਨੇ ਲੱਭੀ ਨਵੀਂ ਤਕਨੀਕ

Oximeter

 

ਚੰਡੀਗੜ੍ਹ: ਪੀਲੀਆ ਦਾ ਟੈਸਟ ਕਰਵਾਉਣ ਲਈ ਹੁਣ ਬੱਚਿਆਂ ਨੂੰ ਇੰਜੈਕਸ਼ਨ ਦਾ ਦਰਦ ਨਹੀਂ ਸਹਿਣਾ ਪਵੇਗਾ ਅਤੇ ਨਾ ਹੀ ਉਹਨਾਂ ਦੇ ਮਾਪਿਆਂ ਨੂੰ ਇਸ ਦਰਦਨਾਕ ਸਥਿਤੀ ਨਾਲ ਨਜਿੱਠਣਾ ਪਵੇਗਾ।  ਇੰਸਟੀਚਿਊਟ ਆਫ ਨੈਨੋ ਸਾਇੰਸ ਐਂਡ ਟੈਕਨਾਲੋਜੀ ਮੁਹਾਲੀ ਨੇ ਪਹਿਲੀ ਇੰਡਸਟਰੀ ਮੀਟ ਵਿਚ ਇਸ ਦਾ ਹੱਲ ਰੱਖਿਆ ਹੈ। ਇਹ ਮੀਟ ਸੋਮਵਾਰ ਨੂੰ ਹੋਈ, ਜਿਸ ਵਿਚ ਕਈ ਮਲਟੀਨੈਸ਼ਨਲ ਕੰਪਨੀਆਂ ਦੇ ਰਿਸਰਚ ਵਿੰਗ ਦੇ ਨੁਮਾਇੰਦੇ ਪਹੁੰਚੇ ਸਨ।

ਇਹ ਤਕਨੀਕ ਪੇਟੈਂਟ ਹੋਣ ਤੋਂ ਬਾਅਦ ਬਾਜ਼ਾਰ ਵਿਚ ਮੌਜੂਦ ਹੋਵੇਗੀ। ਇਸ ਦੇ ਜ਼ਰੀਏ ਨਾ ਸਿਰਫ ਛੋਟੇ ਹਸਪਤਾਲਾਂ ਵਿਚ ਬਿਨ੍ਹਾਂ ਬਲੱਡ ਟੈਸਟ ਪੀਲੀਆ ਦਾ ਪਤਾ ਲਗਾਉਣਾ ਸੰਭਵ ਹੋਵੇਗਾ ਸਗੋਂ ਆਮ ਲੋਕਾਂ ਲਈ ਘਰਾਂ ਵਿਚ ਹੀ ਬੱਚਿਆਂ ਦੀ ਦੇਖਭਾਲ ਕਰਨਾ ਸੰਭਵ ਹੋਵੇਗਾ। ਇਸ ਜ਼ਰੀਏ ਬੱਚਿਆਂ ਦੀ ਉਂਗਲੀ ਆਕਸੀਮੀਟਰ ਉੱਤੇ ਰੱਖਣ ’ਤੇ ਹੀ ਪਤਾ ਲੱਗ ਜਾਵੇਗਾ ਕਿ ਪੀਲੀਆ ਦਾ ਪੱਧਰ ਕੀ ਹੈ।

ਡਾ. ਕਿਰਣ ਸ਼ੰਕਰ ਹਾਜਰਾ ਦਾ ਕਹਿਣਾ ਹੈ ਕਿ ਉਹ ਆਈਐਨਐਸਟੀ ਦੀ ਫਿਜ਼ੀਕਸ ਲੈਬ ਵਿਚ ਰਮਨ ਬੇਸਡ ਬਾਇਓਸੈਂਸਰਜ਼ ’ਤੇ ਕੰਮ ਕਰ ਰਹੇ ਸਨ। ਇਸ ਦੌਰਾਨ ਉਹ ਇਕ ਸਸਤਾ ਸੈਂਸਰ ਬਣਾਉਣਾ ਚਾਹੁੰਦੇ ਸਨ ਕਿਉਂਕਿ ਪੀਲੀਆ ਚੈੱਕ ਕਰਨ ਵਾਲੇ ਇਹ ਸੈਂਸਰ ਦੁਨੀਆਂ ਵਿਚ ਸਿਰਫ਼ ਤਿੰਨ ਕੰਪਨੀਆਂ ਹੀ ਬਣਾਉਂਦੀਆਂ ਹਨ। ਇਸ ਦੀ ਕੀਮਤ ਢਾਈ ਲੱਖ ਰੁਪਏ ਤੋਂ ਜ਼ਿਆਦਾ ਹੈ। ਇਹ ਵੱਡੇ ਸ਼ਹਿਰਾਂ ਅਤੇ ਹਸਪਤਾਲਾਂ ਵਿਚ ਤਾਂ ਦਿਖ ਜਾਵੇਗਾ ਪਰ ਆਮ ਹਸਪਤਾਲਾਂ ਵਿਚ ਉਪਲਬਧ ਨਹੀਂ ਹੁੰਦਾ।

ਇਸ ਦੌਰਾਨ ਉਹਨਾਂ ਦੇ ਪੀਐਚਡੀ ਰਿਸਰਚ ਸਕਾਲਰ ਆਕਾਸ਼ ਨੂੰ ਲੱਗਿਆ ਕਿ ਲੋਕਾਂ ਕੋਲ ਘਰ ਵਿਚ ਹੀ ਵਿਕਲਪ ਹੋਣਾ ਚਾਹੀਦਾ ਹੈ। ਮਾਪਿਆਂ ਲਈ ਬੱਚਿਆਂ ਨੂੰ ਵਾਰ-ਵਾਰ ਇੰਜੈਕਸ਼ਨ ਜ਼ਰੀਏ ਬਲੱਡ ਲੈਂਦੇ ਦੇਖਣਾ ਦਰਦਨਾਕ ਹੈ। ਇਸ ਲਈ ਉਹ ਅਜਿਹੀ ਚੀਜ਼ ਚਾਹੁੰਦੇ ਸਨ, ਜਿਸ ਦੀ ਵਰਤੋਂ ਆਮ ਵਿਅਕਤੀ ਆਸਾਨੀ ਨਾਲ ਕਰ ਸਕਣ। ਇਸ ਦਿਸ਼ਾ ਵਿਚ ਉਹਨਾਂ ਨੇ ਕੰਮ ਕੀਤਾ ਅਤੇ ਕੋਵਿਡ ਤੋਂ ਬਾਅਦ ਲਗਭਗ ਹਰ ਘਰ ਦਾ ਹਿੱਸਾ ਬਣ ਚੁੱਕੇ ਆਕਸੀਮੀਟਰ ਵਿਚ ਬਦਲਾਅ ਕੀਤਾ।

ਨਵਜੰਮੇ ਬੱਚਿਆਂ ਵਿਚ ਮਿਲ ਰਿਹਾ ਪੀਲੀਆ

ਮੀਡੀਆ ਰਿਪੋਰਟ ਅਨੁਸਾਰ 38 ਹਫ਼ਤੇ ਦੀ ਉਮਰ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਵਿਚ ਪੀਲੀਆ ਇਕ ਆਮ ਬਿਮਾਰੀ ਹੈ। 35 ਹਫ਼ਤੇ ਤੋਂ ਜ਼ਿਆਦਾ ਉਮਰ ਵਿਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ। ਤੀਜੇ ਅਤੇ ਸੱਤਵੇਂ ਦਿਨ ਬੱਚੇ ਦਾ ਟੈਸਟ ਕੀਤਾ ਜਾਂਦਾ ਹੈ। ਪੀਲੀਆ ਜ਼ਿਆਦਾ ਗੰਭੀਰ ਹੋਣ ’ਤੇ ਰੋਣ, ਫੀਡ ਨਾ ਲੈਣਾ, ਬੁਖਾਰ ਅਤੇ ਦਰਦ ਆਦਿ ਦੀਆਂ ਸਮੱਸਿਆਵਾਂ ਹੁੰਦੀਆਂ ਹਨ।