Punjab News: 200 ਕਰੋੜ ਦੇ ਡਰੱਗ ਰੈਕੇਟ ਦਾ ਕਿੰਗਪਿਨ ਬਰੀ; ਅਦਾਲਤ 'ਚ ਸਬੂਤ ਪੇਸ਼ ਨਹੀਂ ਕਰ ਸਕੀ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

11 ਸਾਲ ਤੋਂ ਜੇਲ ਵਿਚ ਬੰਦ ਸੀ ਰਾਜਾ ਕੰਦੋਲਾ

200 crore drug racket kingpin acquitted

Punjab News: ਜਲੰਧਰ ਦੀ ਅਦਾਲਤ ਨੇ 200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਨੂੰ ਬਰੀ ਕਰ ਦਿਤਾ ਹੈ। ਪੁਲਿਸ ਅਦਾਲਤ ਵਿਚ ਸਬੰਧਤ ਕੇਸ ਵਿਚ ਦੋਸ਼ਾਂ ਦੇ ਆਧਾਰ ’ਤੇ ਸਬੂਤ ਪੇਸ਼ ਨਹੀਂ ਕਰ ਸਕੀ। ਜਿਸ ਕਾਰਨ ਅਦਾਲਤ ਨੇ ਕੰਦੋਲਾ ਨੂੰ ਬਰੀ ਕਰ ਦਿਤਾ। ਰਾਜਾ ਕੰਦੋਲਾ ਵਿਰੁਧ 2012 ਵਿਚ ਨਸ਼ਾ ਤਸਕਰੀ ਦੀ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਕਤ ਡਰੱਗ ਰੈਕੇਟ ਦੀ ਕੀਮਤ 200 ਕਰੋੜ ਰੁਪਏ ਤੋਂ ਵੱਧ ਹੈ। ਰਾਜਾ ਕੰਦੋਲਾ ਮੂਲ ਰੂਪ ਵਿਚ ਨਵਾਂਸ਼ਹਿਰ ਦਾ ਵਸਨੀਕ ਹੈ।

ਜਾਣਕਾਰੀ ਮੁਤਾਬਕ ਕਰੀਬ 11 ਸਾਲ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ ਦੇ ਸਬਜ਼ੀ ਮੰਡੀ ਸਟੇਸ਼ਨ ਤੋਂ ਫਰਾਰ ਹੋਏ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਨੂੰ ਗ੍ਰਿਫਤਾਰ ਕੀਤਾ ਸੀ। ਜਲੰਧਰ ਪੁਲਿਸ ਨੇ ਦਿੱਲੀ ਪੁਲਿਸ ਨਾਲ ਇਨਪੁਟ ਸਾਂਝੇ ਕੀਤੇ ਸਨ। ਇਸ ਮਾਮਲੇ ਵਿਚ ਰਾਜਾ ਕੰਦੋਲਾ ਦੇ ਡਰਾਈਵਰ ਸੁਖਜਿੰਦਰ ਸਿੰਘ ਉਰਫ਼ ਕਮਾਂਡੋ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਵੀ ਬਰੀ ਕਰ ਦਿਤਾ ਹੈ।

1 ਜੂਨ 2012 ਨੂੰ ਜਲੰਧਰ ਦਿਤਾਹੀ ਪੁਲਿਸ ਨੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ ਬੰਗਾ ਦੇ ਪਿੰਡ ਹੈਪੋਵਾਲ ਦੇ ਰਹਿਣ ਵਾਲੇ ਰਣਜੀਤ ਸਿੰਘ ਕੰਦੋਲਾ ਦੀ ਪਤਨੀ ਰਾਜਵੰਤ ਕੌਰ, ਬੇਟੇ ਬੈਲੀ ਸਿੰਘ ਸਮੇਤ 19 ਵਿਅਕਤੀਆਂ ਨੂੰ ਫੜਿਆ ਸੀ ਪਰ ਰਾਜਾ ਨਹੀਂ ਫੜਿਆ ਗਿਆ। 14 ਅਗਸਤ 2012 ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਾ ਨੂੰ ਲੋਧੀ ਰੋਡ ਤੋਂ ਕਾਬੂ ਕਰ ਲਿਆ ਸੀ।

ਪੰਜਾਬ ਪੁਲਿਸ ਨੇ ਰਣਜੀਤ ਦੀ ਪਤਨੀ ਰਜਵੰਤ ਕੌਰ ਵਿਰੁਧ ਵੀ ਐਨਡੀਪੀਐਸ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਰਾਜਵੰਤ ਦੇ ਬੈਂਕ ਖਾਤਿਆਂ ਰਾਹੀਂ ਕਰੋੜਾਂ ਦਾ ਲੈਣ-ਦੇਣ ਹੋਇਆ। ਜਿਸ ਦਾ ਹਿਸਾਬ-ਕਿਤਾਬ ਇਨਕਮ ਟੈਕਸ ਵਿਭਾਗ ਨੂੰ ਨਹੀਂ ਦਿਤਾ ਗਿਆ।

ਦਸਿਆ ਜਾ ਰਿਹਾ ਹੈ ਕਿ ਰਾਜਵੰਤ ਗ੍ਰੀਕ ਅੰਬੈਸੀ ਵਿਚ ਵੀਜ਼ਾ ਅਫਸਰ ਵਜੋਂ ਕੰਮ ਕਰ ਚੁੱਕੀ ਹੈ। ਇਨਕਮ ਟੈਕਸ ਵਿਭਾਗ ਨੇ 24 ਜੂਨ 2015 ਨੂੰ ਈਡੀ ਨੂੰ ਭੇਜੇ ਇਕ ਪੱਤਰ ਵਿਚ ਦਸਿਆ ਸੀ ਕਿ ਰਾਜਵੰਤ ਕੌਰ ਵਿਰਕ ਨੇ ਕੋਈ ਇਨਕਮ ਟੈਕਸ ਰਿਟਰਨ ਨਹੀਂ ਭਰੀ ਹੈ। ਉਸ ਨੇ ਨਸ਼ਾ ਤਸਕਰੀ ਰਾਹੀਂ ਜੁਰਮ ਦੀ ਕਮਾਈ ਨਾਲ ਸਾਰੀਆਂ ਅਚੱਲ ਜਾਇਦਾਦਾਂ ਖਰੀਦੀਆਂ ਹਨ।

 (For more news apart from 200 crore drug racket kingpin acquitted, stay tuned to Rozana Spokesman)