Lawrence Bishnoi interview: ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਾਮਲਾ: ਹਾਈ ਕੋਰਟ ਨੇ ਜਾਂਚ ਲਈ ਤਿੰਨ ਆਈਪੀਐਸ ਅਫ਼ਸਰਾਂ ਦੇ ਨਾਂਅ ਮੰਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਮਾਈਕਸ ਕਿਊਰੀ ਨੇ ਕਿਹਾ ਜਾਂਚ ਦੌਰਾਨ ਅਹਿਮ ਤੱਥ ਛੱਡੇ ਗਏ

High Court itself will investigate Lawrence Bishnoi's interview Case

Lawrence Bishnoi interview: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਫਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਿਰਾਸਤ 'ਚੋਂ ਇੰਟਰਵਿਊ ਦੇ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਨੇ ਤਿੰਨ ਆਈਪੀਐਸ ਅਫ਼ਸਰਾਂ ਦੇ ਨਾਂਅ ਮੰਗ ਲਏ ਹਨ। ਏਡੀਜੀਪੀ ਜੇਲਾਂ ਅਰੁਣਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕਰ ਦਿਤੀ ਹੈ ਤੇ ਮਾਮਲਾ ਸਰਕਾਰ ਨੇ ਦਰਜ ਕਰਨਾ ਹੈ।

ਇਸੇ ਦੌਰਾਨ ਐਮਾਈਕਸ ਕਿਊਰੀ ਤਨੂੰ ਬੇਦੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਸਿਰਫ਼ ਦੋ ਵਾਰ ਪੰਜਾਬ ਤੋਂ ਬਾਹਰ ਗਿਆ। ਉਸ ਦਾ ਇੰਟਰਵਿਊ ਦੇਖਣ ਤੋਂ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਇਹ ਇੰਟਰਵਿਊ ਸੀਆਈਏ ਬਠਿੰਡਾ ਜਾਂ ਬਠਿੰਡਾ ਜੇਲ ਵਿਚੋਂ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਨੇ ਇੰਟਰਵਿਊ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤਕ ਨੂੰ ਜਾਨੋਂ ਮਾਰ ਦੇਣ ਦੀ ਗੱਲ ਕੀਤੀ ਜਦਕਿ ਦੂਜੀ ਇੰਟਰਵਿਊ ਵਿਚ ਕੁੱਝ ਤੱਥ ਅਜਿਹੇ ਸਨ, ਜਿਹੜੇ ਕਿ ਇਕ ਦਿਨ ਪਹਿਲਾਂ ਹੋਈ ਘਟਨਾ ਬਾਰੇ ਸਬੰਧਤ ਸਨ, ਅਤੇ ਇਸ ਵੇਲੇ ਉਹ ਪੰਜਾਬ ਤੋਂ ਬਾਹਰ ਨਹੀਂ ਸੀ।

ਬੈਂਚ ਨੇ ਸਰਕਾਰ ਨੂੰ ਇਥੋਂ ਤਕ ਜ਼ੁਬਾਨੀ ਤੌਰ 'ਤੇ ਪੁੱਛਿਆ ਕਿ ਕੀ ਸਲਮਾਨ ਖਾਨ ਨੂੰ ਧਮਕੀ ਦੀ ਗੱਲ ਬਾਰੇ ਕੋਈ ਮਾਮਲਾ ਦਰਜ ਕੀਤਾ ਗਿਆ। ਫਿਲਹਾਲ ਬੈਂਚ ਨੇ ਤਿੰਨ ਅਫਸਰਾਂ ਦੇ ਨਾਵਾਂ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਵਿਰੁਧ ਪੰਜਾਬ ਵਿਚ ਦਰਜ ਮਾਮਲਿਆਂ ਅਤੇ ਕਿੰਨੇ ਮਾਮਲਿਆਂ ਵਿਚ ਟਰਾਇਲ ਚੱਲ ਰਹੇ ਹਨ, ਦੀ ਜਾਣਕਾਰੀ ਮੰਗਦਿਆਂ ਸੁਣਵਾਈ ਵੀਰਵਾਰ ਲਈ ਮੁਲਤਵੀ ਕਰ ਦਿਤੀ ਹੈ।

ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ 'ਤੇ ਏਡੀਜੀਪੀ ਨੇ ਸੀਲ ਬੰਦ ਰਿਪੋਰਟ ਬੈਂਚ ਮੁਹਰੇ ਪੇਸ਼ ਕਰਦਿਆਂ ਕਿਹਾ ਸੀ ਕਿ ਜਿਸ ਵੇਲੇ ਇੰਟਰਵਿਊ ਚੱਲੀ ਉਸ ਵੇਲੇ ਬਿਸ਼ਨੋਈ ਪੰਜਾਬ ਵਿਚ ਨਹੀਂ ਸੀ, ਉਹ ਦਿੱਲੀ ਜਾਂ ਰਾਜਸਥਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦਾ ਦਾਇਰਾ ਪੰਜਾਬ ਤਕ ਹੀ ਸੀਮਤ ਹੈ ਪਰ ਹੁਣ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਵੀ ਦਸਿਆ ਸੀ ਕਿ ਇਹ ਇੰਟਰਵਿਊ ਸਬੰਧਤ ਪਲੇਟਫਾਰਮ ਤੋਂ ਹਟਵਾਉਣ ਲਈ ਕਹਿ ਦਿਤਾ ਗਿਆ ਹੈ। ਹਾਈ ਕੋਰਟ ਨੇ ਜੇਲ੍ਹਾਂ ਦੀ ਸੁਰਖਿਆ ਲਈ ਨੀਤੀ ਬਣਾ ਕੇ ਪੇਸ਼ ਕਰਨ ਦੀ ਹਦਾਇਤ ਕੀਤੀ ਸੀ।

To get all the latest updates, join us on Whatsapp Broadcast Channel.  

(For more news apart from High Court itself will investigate Lawrence Bishnoi's interview Case, stay tuned to Rozana Spokesman)