ਨੂੰਹ ਤੇ ਸੱਸ ਮਿਲ ਕੇ ਤਿਆਰ ਕਰਦੀਆਂ ਨੇ ਕਿਸਾਨੀ ਝੰਡੇ, ਮੁੰਡਾ ਥਾਰ ‘ਤੇ ਲੋਕਾਂ ‘ਚ ਵੰਡਣ ਜਾਂਦੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ...

Kissan

ਮੋਹਾਲੀ: (ਲੰਕੇਸ਼ ਤ੍ਰਿਖਾ)- ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 57ਵੇਂ ਦਿਨ ਵੀ ਜਾਰੀ ਹੈ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਲੋਕਾਂ ਵੱਲੋਂ ਅੰਦੋਲਨ ਵਿਚ ਕਈਂ ਤਰ੍ਹਾਂ ਦੇ ਯੋਗਦਾਨ ਪਾਏ ਗਏ ਹਨ। ਉਥੇ ਹੀ ਅੱਜ ਕਿਸਾਨ ਨੌਜਵਾਨ ਅਮਰਜੀਤ ਸਿੰਘ ਨੇ ਆਪਣੀ ਥਾਰ ਗੱਡੀ ਦੇ ਚਾਰੇ ਪਾਸੇ ਕਿਸਾਨੀ ਝੰਡੇ ਲਗਾ ਸਜਾ ਕੇ ਰੱਖਿਆ ਹੈ ਅਤੇ ਥਾਰ ਦੇ ਚਾਰੇ ਪਾਸੇ ਲੱਗੇ ਝੰਡੇ ਕਿਸਾਨੀ ਦੀ ਅਮਰ ਕਹਾਣੀ ਨੂੰ ਬਿਆਨ ਕਰਦੇ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਮੈਂ ਦਿੱਲੀ ਗਿਆ ਸੀ ਤਾਂ ਖੱਟਰ ਸਰਕਾਰ ਵੱਲੋਂ ਬਿਨਾਂ ਝੰਡੇ ਵਾਲੀਆਂ ਗੱਡੀਆਂ ਤੋਂ ਟੋਲ ਲਿਆ ਜਾਂਦਾ ਸੀ ਕਿਉਂਕਿ ਬਿਨਾਂ ਝੰਡੇ ਵਾਲਿਆਂ ਨੂੰ ਕਿਸਾਨ ਨਹੀਂ ਸਮਝਿਆ ਜਾਂਦਾ ਸੀ ਤੇ ਪੁਲਿਸ ਵੀ ਕਿਸਾਨਾਂ ਦੀਆਂ ਗੱਡੀਆਂ ਨੂੰ ਤੰਗ ਕਰਦੀ ਸੀ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਤੋਂ ਆਪਣੇ ਘਰ ਆ ਕੇ ਲੋਕਾਂ ਲਈ ਕਿਸਾਨੀ ਝੰਡਿਆਂ ਦੀ ਫ਼ਰੀ ਸੇਵਾ ਸ਼ੁਰੂ ਕੀਤੀ ਅਤੇ ਉਸ ਦਿਨ ਤੋਂ ਹੀ ਅਸੀਂ ਕਿਸਾਨੀ ਝੰਡੇ ਘਰੇ ਬਣਾ ਕੇ ਸਾਰੀ ਸੰਗਤ ਨੂੰ ਵੰਡ ਰਹੇ ਹਾਂ।

ਉਨ੍ਹਾਂ ਕਿਹਾ ਕਿ ਇਸ ਸੇਵਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਫੇਸਬੁੱਕ, ਵਟਸਅੱਪ ਗਰੁੱਪ, ਹੋਰ ਵੀ ਸੋਸ਼ਲ ਮੀਡੀਆਂ ਉਤੇ ਮੇਰਾ ਨੰਬਰ ਪਾਇਆ ਗਿਆ ਹੈ ਕਿ ਜਿਸਨੂੰ ਝੰਡਿਆਂ ਦੀ ਲੋੜ ਹੋਵੇ ਉਹ ਮੇਰੇ ਨਾਲ ਸੰਪਰਕ ਕਰੋ ਜਾਂ ਮੇਰੇ ਘਰ ਆ ਕੇ ਲਿਜਾ ਸਕਦਾ ਹੈ। ਝੰਡੇ ਬਣਾਉਣ ਦਾ ਕੰਮ ਅਮਰਜੀਤ ਸਿੰਘ ਦੇ ਮਾਤਾ ਅਤੇ ਉਨ੍ਹਾਂ ਦੀ ਘਰਵਾਲੀ ਵੱਲੋਂ ਕੀਤਾ ਜਾਂਦਾ ਹੈ, ਤੇ ਉਹ ਬਾਅਦ ਵਿਚ ਲੋਕਾਂ ਨੂੰ ਝੰਡੇ ਵੰਡਣ ਜਾਂਦੇ ਹਨ।

ਗੱਲਬਾਤ ਦੌਰਾਨ ਉਨ੍ਹਾਂ ਦੀ ਮਾਤਾ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਦਿੱਲੀ ਤੋਂ ਆ ਕੇ ਮੈਨੂੰ ਕਿਸਾਨਾਂ ਦੀ ਫਰੀ ਸੇਵਾ ਲਈ ਝੰਡੇ ਬਣਾਉਣ ਲਈ ਕਿਹਾ ਕਿ ਤੇ ਅਸੀਂ ਦੋਵੇਂ ਸੱਸ ਤੇ ਨੂੰਹ ਇਸ ਸੇਵਾ ਨੂੰ ਆਪਣਾ ਘਰਦਾ ਕੰਮ ਕਰਨ ਤੋਂ ਬਾਅਦ ਝੰਡੇ ਬਣਾਉਣ ਲਈ ਲੱਗ ਜਾਂਦੇ ਹਾਂ।

ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਡੇ ਕਿਸਾਨ ਦਿੱਲੀ ਸੰਘਰਸ਼ ਵਿਚ ਬੈਠੇ ਹਨ ਉਦੋਂ ਤੱਕ ਅਸੀਂ ਇਹ ਝੰਡਿਆਂ ਦੀ ਫਰੀ ਸੇਵਾ ਕਰਦੇ ਰਹਾਂਗੇ। ਅਮਰਜੀਤ ਦੇ ਮਾਤਾ ਨੇ ਕਿਸਾਨੀ ਝੰਡੇ ਦੀ ਪ੍ਰੀਭਾਸ਼ਾ ਦੱਸਦੇ ਕਿਹਾ ਕਿ, ‘ਜਿੱਤ ਦੇ ਨਿਸ਼ਾਨ ਲਗਾਏ ਜਾਂਦੇ ਸਦਾ ਝੰਡੇ ਨਾਲ’ ਕੋਈ ਵੀ ਸੰਘਰਸ਼ ਹੋਵੇ ਹਮੇਸ਼ਾ ਅੱਗੇ ਝੰਡਾ ਲਗਾ ਕੇ ਹੀ ਜਿੱਤਿਆ ਜਾਂਦਾ ਹੈ। ਉਥੇ ਹੀ ਸ਼ਹਿਰ ਦੇ ਹੋਰ ਕਈਂ ਨੌਜਵਾਨਾਂ ਵੱਲੋਂ ਗੱਡੀਆਂ ਉੱਤੇ ਲਗਾਉਣ ਲਈ ਛੋਟੇ ਕਿਸਾਨੀ ਸਟੀਕਰਾਂ ਦੇ ਸੇਵਾ ਵੀ ਕੀਤੀ ਜਾਂਦੀ ਹੈ। ਇਹ ਅਹਿਮ ਯੋਗਦਾਨ ਵੀ ਕਿਸਾਨਾਂ ਦੇ ਹੌਂਸਲਿਆਂ ਨੂੰ ਜਿੱਤ ਦੇ ਲਈ ਬੁਲੰਦ ਕਰਦਾ ਹੈ।