ਪੰਜ ਦਰਿਆਵਾਂ ਦੀ ਧਰਤੀ 'ਤੇ ਪੀਣ ਵਾਲੇ ਪਾਣੀ ਨੂੰ ਤਰਸਣਗੇ ਪੰਜਾਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਦਰਿਆਵਾਂ ਦੀ ਧਰਤੀ ਦੇ ਬਸ਼ਿੰਦੇ ਹੁਣ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ।

Photo

ਕੋਟਕਪੂਰਾ: ਪੰਜ ਦਰਿਆਵਾਂ ਦੀ ਧਰਤੀ ਦੇ ਬਸ਼ਿੰਦੇ ਹੁਣ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਪੈਸੇ ਦੀ ਦੌੜ ਨੇ ਪੰਜਾਬੀਆਂ ਨੂੰ ਅਜਿਹੇ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਹੈ ਕਿ ਸੂਬੇ ਦੀ ਲਗਭਗ 40 ਫ਼ੀ ਸਦੀ ਧਰਤੀ ਹੇਠਲਾ ਪਾਣੀ ਪੀਣਯੋਗ ਹੀ ਨਹੀਂ ਰਿਹਾ ਕਿਉਂਕਿ ਪੰਜਾਬ ਦੇ ਪਾਣੀ 'ਚ ਖ਼ਤਰਨਾਕ ਰਸਾਇਣਾਂ, ਭਾਰੀ ਧਾਤਾਂ ਤੇ ਰੇਡੀਉਐਕਟਿਵ ਸਮੱਗਰੀ ਦੀ ਮਾਤਰਾ ਮਿਥੇ ਮਿਆਰਾਂ ਨਾਲੋਂ ਕਿਤੇ ਵੱਧ ਹੈ।

ਜ਼ਿਕਰਯੋਗ ਹੈ ਕਿ ਦਹਾਕਿਆਂ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਧਿਆਨ ਨਾ ਦਿਤੇ ਜਾਣ ਕਾਰਨ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਮਿਆਰ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਇਹ ਤੱਥ ਪੰਜਾਬ ਦੇ ਧਰਤੀ ਹੇਠਲੇ ਪਾਣੀ ਬਾਰੇ ਕੰਪਟਰੋਲਰ ਔਡੀਟਰ ਜਨਰਲ (ਕੈਗ) ਵਲੋਂ ਤਿਆਰ ਅਪਣੀ ਕਿਸਮ ਦੀ ਪਹਿਲੀ ਰਿਪੋਰਟ 'ਚ ਉਭਰ ਕੇ ਸਾਹਮਣੇ ਆਏ ਹਨ।

ਜਲ ਸਰੋਤਾਂ ਬਾਰੇ ਵਿਭਾਗ ਦੇ ਸੂਤਰਾਂ ਅਨੁਸਾਰ 26 ਸਫ਼ਿਆਂ ਦੀ ਇਹ ਰਿਪੋਰਟ ਵੀਰਵਾਰ ਨੂੰ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਵਿਚ ਰੱਖੀ ਜਾਵੇਗੀ। ਰਿਪੋਰਟ 'ਚ ਕਿਹਾ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ 'ਚ ਮਿਥੀ ਹੱਦ ਨਾਲੋਂ ਵੱਧ ਰਸਾਇਣਾਂ 'ਤੇ ਭਾਰੀ ਧਾਤਾਂ ਮਿਲੀਆਂ ਹਨ।

ਮਨੁੱਖੀ ਵਰਤੋਂ ਦੀ ਗੱਲ ਤਾਂ ਛੱਡੋ ਪੰਜਾਬ ਦਾ 10 ਫ਼ੀ ਸਦੀ ਧਰਤੀ ਹੇਠਲਾ ਪਾਣੀ ਤਾਂ ਸਿੰਜਾਈ ਲਈ ਵੀ ਵਰਤੋਂ ਯੋਗ ਨਹੀਂ। ਇਸ ਤੋਂ ਇਲਾਵਾ 30 ਫੀਸਦੀ ਜ਼ਮੀਨੀ ਪਾਣੀ ਮਿਥੇ ਮਿਆਰ ਨਾਲੋਂ ਵੱਧ ਖਾਰਾ ਹੈ, ਜੋ ਮਨੁੱਖੀ ਵਰਤੋਂ ਲਈ ਹਾਨੀਕਾਰਕ ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਕੀ ਹਾਲ?

ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਮੁਕਤਸਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ। ਜ਼ਿਲ੍ਹਾ ਰੂਪਨਗਰ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂ ਸ਼ਹਿਰ, ਪਟਿਆਲਾ ਵਿਚਲਾ ਧਰਤੀ ਹੇਠਲਾ ਪਾਣੀ ਕੈਡਮੀਅਮ ਦੀ ਮਾਤਰਾ ਵੱਧ ਹੋਣ ਕਾਰਨ ਦੂਸ਼ਿਤ ਹੈ।

ਸੰਗਰੂਰ, ਐਸਏਐਸ ਨਗਰ, ਤਰਨਤਾਰਨ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਰੂਪਨਗਰ ਦੇ ਪਾਣੀ ਵਿਚ ਕਰੋਮੀਅਮ ਦੀ ਮਾਤਰਾ ਵੱਧ ਹੈ, ਜਦਕਿ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ (ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਬਰਨਾਲਾ, ਸੰਗਰੂਰ) ਵਿਚਲੇ ਧਰਤੀ ਹੇਠਲੇ ਪਾਣੀ ਵਿਚ ਭਾਰੀ ਧਾਤਾਂ ਤੋਂ ਇਲਾਵਾ ਯੂਰੇਨੀਅਮ (ਰੇਡੀਉਐਕਟਿਵ ਸਮੱਗਰੀ) ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ ਹੈ।

ਦੂਜੇ ਪਾਸੇ ਨਰੋਆ ਪੰਜਾਬ ਮੰਚ ਦੇ ਆਗੂ ਗੁਰਪ੍ਰੀਤ ਸਿੰਘ ਚੰਦਬਾਜਾ, ਅਮਰਜੀਤ ਸਿੰਘ, ਕੁਲਦੀਪ ਸਿੰਘ ਅਤੇ ਬਲਤੇਜ ਸਿੰਘ ਆਦਿ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨ ਲਈ ਹਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਤੋਂ ਇਲਾਵਾ ਘਰਾਂ 'ਚ ਵੀ ਰੀਚਾਰਜ ਸਿਸਟਮ ਲਾਉਣਾ ਜਰੂਰੀ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਕਿਸਾਨ ਅਪਣੀ ਜ਼ਮੀਨ ਮੁਤਾਬਿਕ ਖੇਤ ਵਿਚ ਮੀਂਹ ਦਾ ਪਾਣੀ ਸੰਭਾਲਣ ਲਈ ਤਲਾਅ ਬਣਾਉਣ। ਜਦਕਿ ਝੋਨਾ ਲਾਉਣ ਮੌਕੇ ਖੇਤ ਦਾ ਕੱਦੂ ਕਰਨਾ ਬੰਦ ਕਰਵਾਇਆ ਜਾਵੇ, ਇਸ ਨਾਲ 60 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।