ਕਿਸਾਨਾਂ ਮਗਰੋਂ ਹੁਣ ਟੈਕਸੀ ਚਾਲਕਾਂ ’ਤੇ ਕਾਨੂੰਨ ਦੀ ਮਾਰ, ਕੱਲ੍ਹ ਹੋਵੇਗਾ ਸਰਕਾਰ ਵਿਰੁੱਧ ਪ੍ਰਦਰਸ਼ਨ
22 ਫਰਵਰੀ ਨੂੰ ਦੇਸ਼ ਭਰ ਦੇ ਟੈਕਸੀ ਮਾਲਕ ਤੇ ਟੈਕਸੀ ਚਾਲਕ ਕਰਨਗੇ ਸਰਕਾਰ ਦਾ ਵਿਰੋਧ
ਲੁਧਿਆਣਾ (ਰਾਜ ਸਿੰਘ) : ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੀਆਂ ਗੱਲਾਂ ਕਰਦੇ ਹਨ ਪਰ ਦੂਜੇ ਪਾਸੇ ਲੋਕਾਂ ’ਤੇ ਕਾਲੇ ਕਾਨੂੰਨ ਥੋਪ ਉਹਨਾਂ ਦੀ ਰੋਜ਼ੀ ਰੋਟੀ ਖੋਹੀ ਜਾ ਰਹੀ ਹੈ। ਦਰਅਸਲ ਭਾਰਤ ਸਰਕਾਰ ਕਿਸਾਨਾਂ ਤੋਂ ਬਾਅਦ ਹੁਣ ਟੈਕਸੀ ਚਾਲਕਾਂ ’ਤੇ ਵੀ ਅਜਿਹਾ ਕਾਨੂੰਨ ਥੋਪਣ ਜਾ ਰਹੀ ਹੈ, ਜਿਸ ਨਾਲ ਉਹਨਾਂ ਦੀ ਰੋਜ਼ੀ ਰੋਟੀ ਖ਼ਤਰੇ ਵਿਚ ਪੈ ਗਈ ਹੈ।
ਇਸ ਕਾਨੂੰਨ ਦਾ ਵਿਰੋਧ ਕਰਨ ਲਈ ਦੇਸ਼ ਭਰ ਦੇ ਟੈਕਸੀ ਚਾਲਕਾਂ ਵੱਲੋਂ 22 ਫਰਵਰੀ ਨੂੰ ਦਿੱਲੀ ਦੇ ਜੰਤਰ ਮੰਤਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਜ਼ਾਦ ਟੈਕਸੀ ਯੂਨੀਅਨ ਦੇ ਵਾਈਸ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਬਣਾਏ ਗਏ ਨਵੇਂ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਬਣਾਏ ਗਏ ਹਨ, ਜਿਸ ਨਾਲ ਟੈਕਸੀ ਚਾਲਕਾਂ ਦਾ ਕਾਫ਼ੀ ਨੁਕਸਾਨ ਹੋਵੇਗਾ।
ਉਹਨਾਂ ਕਿਹਾ ਕਿ ਉਹ 2017 ਤੋਂ ਸਰਕਾਰ ਨੂੰ ਚਿੱਠੀਆਂ ਪਾ ਕੇ ਅਪਣੀਆਂ ਸਮੱਸਿਆਵਾਂ ਦੱਸ ਰਹੇ ਹਨ ਪਰ ਸਰਕਾਰ ਨੇ ਰੱਤੀ ਭਰ ਵੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਦੱਸਿਆ ਕਿ ਸੰਯੁਕਤ ਸਬੰਧ ਸਮਿਤੀ ਭਾਰਤ ਮੋਰਚੇ ਵੱਲੋਂ ਦੇਸ਼ ਭਰ ਦੇ ਟੈਕਸੀ ਮਾਲ ਅਤੇ ਚਾਲਕ 22 ਫਰਵਰੀ ਨੂੰ 11 ਵਜੇ ਤੋਂ ਚਾਰ ਵਜੇ ਤੱਕ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਕਰਨਗੇ। ਇਹ ਪ੍ਰਦਰਸ਼ਨ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਟਰਾਂਸਪੋਰਟ ਵਿਭਾਗ ਦੀ ਅਣਗਹਿਲੀ ਖਿਲਾਫ਼ ਕੀਤਾ ਜਾਵੇਗਾ। ਸਰਕਾਰ ਵੱਲੋਂ ਗਰੀਬਾਂ ‘ਤੇ ਜ਼ਬਰੀ ਟੈਕਸ ਥੋਪੇ ਜਾ ਰਹੇ ਹਨ।
ਇਸੇ ਤਰ੍ਹਾਂ ਟੈਕਸੀ ਚਾਲਕ ਗੁਰਵਿੰਦਰ ਸਿੰਘ ਬਾਵਾ ਨੇ ਕਿਹਾ ਕਿ ਸਰਕਾਰ ਦੀ ਇਸ ਜ਼ਿਆਦਤੀ ਦੇ ਵਿਰੁੱਧ 22 ਫਰਵਰੀ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਗੱਡੀਆਂ ‘ਤੇ ਲਗਾਏ ਜਾ ਰਹੇ ਟੈਕਸ ਨਾਲ ਗਰੀਬ ਟੈਕਸੀ ਚਾਲਕਾਂ ਨੂੰ ਘਾਟਾ ਪੈ ਰਿਹਾ ਹੈ। ਇਸ ਲਈ ਉਹਨਾਂ ਦੀ ਮੰਗ ਹੈ ਕਿ ਸੀਟਾਂ ਦੇ ਹਿਸਾਬ ਨਾਲ ਟੈਕਸ ਲਗਾਇਆ ਜਾਵੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇਸ਼ ਭਰ ਦੇ ਕਿਸਾਨ ਵੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਤਿੰਨ ਮਹੀਨੇ ਤੋਂ ਧਰਨਾ ਲਗਾਈ ਬੈਠੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ।