Farmers Protest: ਗ੍ਰਹਿ ਵਿਭਾਗ ਦੇ ਨਿਰਦੇਸ਼ਾਂ ਮਗਰੋਂ DGP ਪੰਜਾਬ ਵਲੋਂ ਸਖ਼ਤ ਹਦਾਇਤਾਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

JCB, ਪੋਕਲੇਨ, ਟਿੱਪਰ ਤੇ ਹੋਰ ਅਜਿਹੇ ਸਾਧਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਵੱਲ ਜਾਣ ਤੋਂ ਰੋਕਣ ਦੇ ਨਿਰਦੇਸ਼

DGP Punjab issued strict instructions

Farmers Protest: ਅੱਜ ਕਿਸਾਨ ਅੰਦੋਲਨ ਦਾ 9ਵਾਂ ਦਿਨ ਹੈ। ਪੁਲਿਸ ਕਿਸਾਨਾਂ ਨੂੰ ਰੋਕਣ ਲਈ ਲਗਾਤਾਰ ਸਖ਼ਤੀ ਵਧਾ ਰਹੀ ਹੈ। ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਖਨੌਰੀ ਅਤੇ ਸ਼ੰਭੂ ਵਿਚ ਪੰਜਾਬ-ਹਰਿਆਣਾ ਸਰਹੱਦ ਵੱਲ ਜੇਸੀਬੀ, ਪੋਕਲੇਨ, ਟਿੱਪਰ, ਹਾਈਡਰਾ ਅਤੇ ਹੋਰ ਭਾਰੀ ਧਰਤੀ ਹਿਲਾਉਣ ਵਾਲੇ ਯੰਤਰਾਂ ਦੀ ਆਵਾਜਾਈ ਨੂੰ ਰੋਕਣ ਦੇ ਹੁਕਮ ਦਿਤੇ ਹਨ।

ਡੀਜੀਪੀ ਨੇ ਸਾਰੇ ਐਸਐਸਪੀਜ਼ ਅਤੇ ਸੀਪੀਜ਼ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਜੇਸੀਬੀ, ਪੋਕਲੇਨ, ਟਿੱਪਰ, ਹਾਈਡਰਾ ਅਤੇ ਹੋਰ ਭਾਰੀ ਮਿੱਟੀ ਕੱਢਣ ਵਾਲੇ ਯੰਤਰ ਨੂੰ ਖਨੌਰੀ ਅਤੇ ਸ਼ੰਭੂ ਵਿਖੇ ਪੰਜਾਬ-ਹਰਿਆਣਾ ਸਰਹੱਦ ਤਕ ਪਹੁੰਚਣ ਦੀ ਇਜਾਜ਼ਤ ਨਾ ਦਿਤੀ ਜਾਵੇ।

ਉਨ੍ਹਾਂ ਕਿਹਾ ਕਿ ਇਹ ਹਦਾਇਤਾਂ ਹਰਿਆਣਾ ਦੇ ਡੀਜੀਪੀ ਵਲੋਂ ਲਿਖਤੀ ਬੇਨਤੀ ਮਿਲਣ ਮਗਰੋਂ ਜਾਰੀ ਕੀਤੀਆਂ ਗਈਆਂ ਹਨ ਤੇ ਸਮੂਹ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰਾਂ ਤਕ ਪਹੁੰਚਾ ਦਿਤੀਆਂ ਗਈਆਂ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਨਾਕੇਬੰਦੀ, ਪੈਟਰੋਲਿੰਗ ਤੇ ਹੋਰ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਜੇਸੀਬੀ, ਪੋਕਲੇਨ, ਟਿੱਪਰ ਤੇ ਹੋਰ ਅਜਿਹੇ ਸਾਧਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਪਹੁੰਚਣ ਤੋਂ ਰੋਕਿਆ ਜਾ ਸਕੇ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਸਕੱਤਰ ਨੂੰ ਲਿਖਿਆ ਸੀ ਪੱਤਰ

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਸਖ਼ਤ ਨਿਰਦੇਸ਼ ਦਿਤੇ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ। ਕੇਂਦਰ ਦੇ ਅੰਦਾਜ਼ੇ ਅਨੁਸਾਰ ਪੰਜਾਬ-ਹਰਿਆਣਾ ਹੱਦ 'ਤੇ 1200 ਟਰੈਕਟਰ-ਟਰਾਲੀਆਂ, 300 ਕਾਰਾਂ ਅਤੇ 10 ਮਿੰਨੀ ਬੱਸਾਂ ਅਤੇ ਕਈ ਹੋਰ ਛੋਟੇ ਵਾਹਨਾਂ ਸਮੇਤ 14,000 ਦੇ ਕਰੀਬ ਲੋਕ ਇਕੱਠੇ ਹੋਏ ਹਨ। ਕੇਂਦਰ ਵਲੋਂ ਪੰਜਾਬ ਸਰਕਾਰ ਅੱਗੇ ਇਸ ਦਾ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸਾਨਾਂ ਦੀ ਆੜ ਵਿਚ ਕਈ ਸ਼ਰਾਰਤੀ ਅਨਸਰ ਭਾਰੀ ਮਸ਼ੀਨਰੀ ਇਕੱਠੀ ਕਰ ਰਹੇ ਹਨ ਅਤੇ ਹਰਿਆਣਾ ਨਾਲ ਲੱਗਦੀ ਪੰਜਾਬ ਦੀ ਸ਼ੰਭੂ ਹੱਦ ਨੇੜੇ ਪਥਰਾਅ ਕਰ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਕੀਤੀ ਗਈ ਰੀਪੋਰਟ ਅਨੁਸਾਰ ਰਾਜਪੁਰਾ-ਅੰਬਾਲਾ ਰੋਡ 'ਤੇ ਸ਼ੰਭੂ ਬੈਰੀਅਰ 'ਤੇ ਲਗਭਗ 14,000 ਲੋਕਾਂ ਨੂੰ ਲਗਭਗ 1200 ਟਰੈਕਟਰ-ਟਰਾਲੀਆਂ, 300 ਕਾਰਾਂ, 10 ਮਿੰਨੀ ਬੱਸਾਂ ਅਤੇ ਹੋਰ ਛੋਟੇ ਵਾਹਨਾਂ ਦੇ ਨਾਲ ਇਕੱਠੇ ਹੋਣ ਦੀ ਇਜਾਜ਼ਤ ਦਿਤੀ ਗਈ ਹੈ।

(For more Punjabi news apart from DGP Punjab issued strict instructions during Farmers Protest, stay tuned to Rozana Spokesman)