ਪੰਜਾਬ 'ਚ ਹੁਣ ਪੂਰੀ ਬੱਸ ਸੇਵਾ ਬੰਦ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਾਸ ਰੂਟਾਂ 'ਤੇ ਬੱਸਾਂ ਚਲਾਉਣ ਦੀ ਆਗਿਆ ਦਿਤੀ

File

ਚੰਡੀਗੜ੍ਹ- ਪੰਜਾਬ ਸਰਕਾਰ ਨੇ ਰਾਜ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਅੱਜ ਅੱਧੀ ਰਾਤ ਤੋਂ ਰਾਜ ਭਰ 'ਚ ਸਰਕਾਰੀ ਅਤੇ ਪ੍ਰਾਈਵੇਟ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਲਿਆ ਸੀ ਪਰ ਇਸ ਫ਼ੈਸਲੇ 'ਚ ਹੁਣ ਮੰਤਰੀ ਸਮੂਹ ਦੀ ਮੀਟਿੰਗ 'ਚ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਕੁਝ ਤਬਦੀਲੀ ਕੀਤੀ ਗਈ ਹੈ।

ਰਾਜ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਧਿਆਨ 'ਚ ਰਖਦਿਆਂ ਹੁਣ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਕਰਨ ਦੀ ਥਾਂ ਵੱਖ-ਵੱਖ ਜ਼ਿਲ੍ਹਿਆਂ 'ਚ ਚੋਣਵੇਂ ਕੁੱਝ ਖ਼ਾਸ ਰੂਟਾਂ 'ਤੇ ਬੱਸਾਂ ਚਲਾਉਣ ਦੀ ਆਗਿਆ ਦਿਤੀ ਗਈ ਹੈ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਲੋਕਾਂ ਦੀ ਮੁਸ਼ਕਲ ਮੁਤਾਬਿਕ ਮੌਕੇ 'ਤੇ ਫ਼ੈਸਲਾ ਲੈ ਕੇ ਹੋਰ ਰੂਟਾਂ 'ਤੇ ਬੱਸਾਂ ਚਲਾਉਣ ਦੇ ਅਧਿਕਾਰ ਵੀ ਦਿਤੇ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਈ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਸਾਰੇ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਵਿਚ ਸਾਰੇ ਸਟੇਜ ਕੈਰੇਜ, ਕੰਟਰੈਕਟ ਕੈਰੇਜ ਬੱਸਾਂ, ਆਟੋ ਰਿਕਸਾ ਅਤੇ ਈ-ਰਿਕਸਾ ਸਾਮਲ ਹਨ।

ਬੱਸ ਸੇਵਾ ਬਾਰੇ ਕੀਤੇ ਫ਼ੈਸਲੇ ਸਬੰਧੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਇਹ ਪਾਬੰਦੀਆਂ ਅੱਜ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਮਾਰਚ, 2020 ਤੱਕ ਲਾਗੂ ਰਹੇਗੀ। ਇਸ ਪਾਬੰਦੀ ਵਿੱਚ ਸਟੇਜ ਕੈਰੇਜ ਦੇ ਨਾਲ ਨਾਲ ਠੇਕੇ 'ਤੇ ਚੱਲਣ ਵਾਲੀਆਂ ਬੱਸਾਂ ਵੀ ਸ਼ਾਮਲ ਹਨ ਜੋ ਪੰਜਾਬ ਦੇ ਬਾਹਰੋਂ ਆਉਂਦੀਆਂ ਹਨ।

ਇਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਪਾਬੰਦੀ ਮਾਲ ਕੈਰੀਅਰਾਂ ਅਤੇ ਪ੍ਰਾਈਵੇਟ ਸਰਵਿਸ ਵਾਹਨ ਜਿਵੇਂ ਫ਼ੈਕਟਰੀ, ਸਟਾਫ ਬੱਸਾਂ ਆਦਿ ਨੂੰ ਸ਼ਾਮਲ ਨਹੀਂ ਕਰਦੀ। ਡਰਾਈਵਿੰਗ ਲਾਇਸੈਂਸ ਨੂੰ ਜਾਰੀ ਕਰਨ ਅਤੇ ਡਰਾਇਵਿੰਗ ਟੈਸਟ ਨੂੰ 23.03.2020 ਤੋਂ 31.03.2020 ਤੱਕ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫੈਸਲਾ ਵੀ ਲਿਆ ਗਿਆ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।