ਕੋਰੋਨਾ ਦੀ ਦਹਿਸ਼ਤ: ਗੜਸ਼ੰਕਰ ਦੇ 6 ਪਿੰਡਾਂ ‘ਚ ਧਾਰਾ 144 ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੱਸਿਆ ਜਾ ਰਿਹਾ ਹੈ ਕਿ ਮੋਰਾਂਵਾਲੀ ਪਿੰਡ ਦਾ ਇਕ ਵਿਅਕਤੀ, ਨਵਾਂ ਸ਼ਹਿਰ ਦੇ ਉਸ ਵਿਅਕਤੀ ਦੇ ਸੰਪਰਕ ਵਿਚ ਸੀ, ਜਿਸ ਦੀ ਬੀਤੇ ਦਿਨੀਂ ਬੰਗਾ ਦੇ ਹਸਪਤਾਲ ਵਿਚ ਮੌਤ ਹੋਈ ਸੀ।

Photo

ਗੜਸ਼ੰਕਰ: ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਛੇ ਪਿੰਡ ਮੋਰਾਂਵਾਲੀ, ਐਮਾਂ ਜੱਟਾਂ, ਬਿੰਜੋਨ, ਸੂਨੀ, ਨੂਰਪੁਰ ਜੱਟਾਂ ਅਤੇ ਪੋਸੀ ਵਿਚ ਬਾਹਰੋਂ ਆ ਰਹੇ ਲੋਕਾਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਰਾਂਵਾਲੀ ਪਿੰਡ ਦਾ ਇਕ ਵਿਅਕਤੀ, ਨਵਾਂ ਸ਼ਹਿਰ ਦੇ ਉਸ ਵਿਅਕਤੀ ਦੇ ਸੰਪਰਕ ਵਿਚ ਸੀ, ਜਿਸ ਦੀ ਬੀਤੇ ਦਿਨੀਂ ਬੰਗਾ ਦੇ ਹਸਪਤਾਲ ਵਿਚ ਮੌਤ ਹੋਈ ਸੀ।

ਇਸ ਦੀ ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨ ਨੇ ਇਹਨਾਂ ਪਿੰਡਾਂ ਨੂੰ ਬੰਦ ਕਰ ਦਿੱਤਾ ਹੈ। ਡਾਕਟਰ ਰਘੁਵੀਰ ਸਿੰਘ, ਐਸਐਮਓ, ਪੀਐਚਸੀ ਮੋਰਾਵਾਂਲੀ ਨੇ ਮੀਡੀਆ ਨੂੰ ਦੱਸਿਆ ਕਿ ਮੋਰਾਂਵਾਲੀ ਦੇ ਰਹਿਣ ਵਾਲੇ ਵਿਅਕਤੀ ਵਿਚ ਕੋਰੋਨਾ ਵਾਇਰਸ ਦੇ ਲ਼ੱਛਣ ਦਿਖਣ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਲ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ।

ਇਸ ਦੇ ਨਾਲ ਹੀ ਸਾਰੇ ਪਿੰਡਾਂ ਦੀ ਜਾਂਚ ਜਾਰੀ ਹੈ। ਇਸ ਤੋਂ ਇਲਾਵਾ ਗੁਰਦੁਆਰਿਆਂ ਅਤੇ ਮੰਦਰਾਂ ਵਿਚੋਂ ਵੀ ਅਨਾਊਸਮੈਂਟਾਂ ਕੀਤੀਆ ਜਾ ਰਹੀਆਂ ਹਨ ਕਿ ਪਿੰਡ ਵਾਸੀ ਅਪਣੇ ਘਰਾਂ ਵਿਚੋਂ ਬਾਹਰ ਨਾ ਜਾਣ। ਇਸੇ ਦੌਰਾਨ ਗੜਸ਼ੰਕਰ ਦੇ ਪਿੰਡ ਦੇ ਇਕ ਬਜ਼ੁਰਗ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਦੇ ਲੜਕੇ ਨੂੰ ਵੀ ਜਾਂਚ ਲਈ ਹੁਸ਼ਿਆਰਪੁਰ ਲਿਜਾਇਆ ਗਿਆ ਹੈ।

ਹੁਸ਼ਿਆਰਪੁਰ ਦੇ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਆਈਸੋਲੇਸ਼ਨ ਵਾਰਡ ਵਿਚ 2 ਵਿਅਕਤੀ ਭਰਤੀ ਹਨ ਅਤੇ ਉਹਨਾਂ ਦੇ ਸੈਂਪਲ ਟੈਸਲ ਲਈ ਭੇਜ ਦਿੱਤੇ ਗਏ ਹਨ। ਗੜਸ਼ੰਕਰ ਦੇ ਨਜ਼ਦੀਕੀ ਪਿੰਡ ਦੇ ਛੇ ਹੋਰ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦੇ ਲ਼ੱਛਣ ਮਿਲਣ ਤੋਂ ਬਾਅਦ ਜਾਂਚ ਲਈ ਭੇਜਿਆ ਗਿਆ।

ਗੜ੍ਹਸ਼ੰਕਰ ਦੇ ਡੀਐਸਪੀ ਸਤੀਸ਼ ਕੁਮਾਰ ਨੇ ਕਿਹਾ ਹੈ ਕਿ ਪਿੰਡਾਂ ਵਿਚ ਪੁਲਿਸ ਜਵਾਨ ਤੈਨਾਤ ਕੀਤੇ ਗਏ ਹਨ ਤਾਂ ਜੋ ਕੋਈ ਬਾਹਰੀ ਵਿਅਕਤੀ ਪਿੰਡ ਵਿਚ ਦਾਖਲ ਨਾ ਹੋਵੇ। ਐਸਡੀਐਮ ਹਰਬੰਸ ਸਿੰਘ ਨੇ ਕਿਹਾ ਹੈ ਕਿ ਡੀਸੀ ਦੇ ਨਿਰਦੇਸ਼ਾਂ ਤਹਿਤ ਗੜਸ਼ੰਕਰ ਦੇ ਛੇ ਪਿੰਡਾਂ ਵਿਚ ਧਾਰਾ 144 ਲਗਾਈ ਗਈ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ।

ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਛੇ ਲੋਕਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਇਹਨਾਂ ਵਿਚੋਂ ਇਕ ਨੰਗਲ ਦਾ ਰਹਿਣ ਵਾਲਾ ਹੈ, ਜਿਸ ਦੇ ਪਿਤਾ ਵੀ ਆਈਸੋਲੇਸ਼ਨ ਵਾਰਡ ਵਿਚ ਹਨ। ਪਿੰਡ ਬੀਣੇਵਾਲ ਦੇ ਤਿੰਨ ਵਿਅਕਤੀ ਅਤੇ ਪਿੰਡ ਮਾਲਕੋਵਾਲ ਦੇ ਵੀ ਦੋ ਵਿਅਕਤਾਂ ਨੂੰ ਜਾਂਚ ਲਈ ਹੁਸ਼ਿਅਰਪੁਰ ਭੇਜਿਆ ਗਿਆ ਹੈ।