ਮਾਮਲਾ 6.66 ਕਰੋੜ ਖੁਰਦ-ਬੁਰਦ: ਨਵੇਂ ਖੁਲਾਸੇ ਮੁਤਾਬਿਕ ਮੁਖ਼ਬਰ ਦੇ ਹਿੱਸੇ ‘ਚ ਆਏ 1 ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ ਜਲੰਧਰ ਦੇ ਪਾਦਰੀ ਐਂਥਨੀ ਦੇ 6.66 ਕਰੋੜ ਰੁਪਏ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਸਿਟ...

Asi Joginder, Asi Rajpreet, and Padri

ਚੰਡੀਗੜ੍ਹ : ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ ਜਲੰਧਰ ਦੇ ਪਾਦਰੀ ਐਂਥਨੀ ਦੇ 6.66 ਕਰੋੜ ਰੁਪਏ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਸਿਟ ਦੀ ਜਾਂਚ ਦੌਰਾਨ ਰੋਜ਼ਾਨਾ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਹੁਣ ਮੁਖ਼ਬਰ ਸੁਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਫੜੀ ਗਈ ਰਕਮ ’ਚੋਂ ਉਸ ਨੂੰ ਇੱਕ ਕਰੋੜ ਰੁਪਏ ਦਿੱਤੇ ਗਏ ਸਨ ਅਤੇ ਏਐੱਸਆਈ ਜੋਗਿੰਦਰ ਸਿੰਘ ਤੇ ਏਐੱਸਆਈ ਰਾਜਪ੍ਰੀਤ ਸਿੰਘ ਜਿਹੜੀ ਵਰਨਾ ਕਾਰ ਰੇਡ ’ਤੇ ਲੈ ਕੇ ਗਏ ਸਨ, ਉਹ ਪਟਿਆਲਾ ਦੇ ਆਜ਼ਾਦ ਨਗਰ ’ਚ ਰਹਿੰਦੇ ਇੱਕ ਵਪਾਰੀ ਦੀ ਹੈ।

ਇਸ ਕਾਰ ਨੂੰ ਖੰਨਾ ਪੁਲਿਸ ਨੇ 28 ਮਾਰਚ ਨੂੰ ਕਿਸੇ ਨਾਕੇ ਤੋਂ ਫੜਿਆ ਸੀ ਅਤੇ ਇਸ ’ਚੋਂ ਵੀ ਲੱਖਾਂ ਰੁਪਏ ਬਰਾਮਦ ਹੋਣ ਕਾਰਨ ਕਾਰ ਕਬਜ਼ੇ ’ਚ ਲਈ ਹੋਈ ਸੀ। ਇਸ ਕਾਰ ਨੂੰ ਜਲੰਧਰ ’ਚ ਰੇਡ ਕਰਨ ਲਈ ਵਰਤਿਆ ਗਿਆ। ਇਸ ਕਾਰ ’ਚ 6.66 ਕਰੋੜ ਰੁਪਏ ਲੈ ਕੇ ਦੋਨੋਂ ਏਐੱਸਆਈ ਅਤੇ ਮੁਖਬਰ ਖੰਨਾ ਆਏ ਸਨ। ਖੰਨਾ ਅਨਾਜ ਮੰਡੀ ਦੇ ਗੇਟ ਦੇ ਬਾਹਰ ਵਰਨਾ ਕਾਰ ਖੜ੍ਹੀ ਕੀਤੀ ਗਈ ਸੀ। ਏਐੱਸਆਈ ਰਾਜਪ੍ਰੀਤ ਸਿੰਘ ਤੇ ਮੁਖ਼ਬਰ ਕਾਰ ਦੇ ਅੰਦਰ ਹੀ ਬੈਠੇ ਰਹੇ ਸਨ। ਜਦਕਿ, ਏਐੱਸਆਈ ਜੋਗਿੰਦਰ ਸਿੰਘ ਖੰਨਾ ਰਹਿੰਦੇ ਆਪਣੇ ਇੱਕ ਸਾਥੀ ਏਐੱਸਆਈ ਦੀ ਗੱਡੀ ਲੈਣ ਲਈ ਆੜ੍ਹਤ ਦੀ ਦੁਕਾਨ ’ਤੇ ਗਿਆ ਸੀ।

ਜੋਗਿੰਦਰ ਸਿੰਘ ਨਾਲ ਹੀ ਇਹ ਏਐੱਸਆਈ ਪਟਿਆਲਾ ਵਿਜੀਲੈਂਸ ’ਚ ਤਾਇਨਾਤ ਰਿਹਾ ਸੀ। ਦੋਵੇਂ ਇਕੱਠੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਜਾਂਦੇ ਰਹਿਣ ਕਾਰਨ ਇਨ੍ਹਾਂ ਦੇ ਪਰਿਵਾਰਕ ਸਬੰਧ ਹਨ। ਜੋਗਿੰਦਰ ਨੇ ਆਪਣੇ ਸਾਥੀ ਕੋਲ ਘਟਨਾ ਦਾ ਕੋਈ ਜ਼ਿਕਰ ਨਹੀਂ ਕੀਤਾ। ਬਲਕਿ, ਉਸ ਨੂੰ ਸਿਰਫ ਇੰਨਾ ਹੀ ਕਿਹਾ ਕਿ ਕੋਈ ਐਮਰਜੈਂਸੀ ਕੰਮ ਹੈ ਅਤੇ ਉਸ ਨੂੰ ਗੱਡੀ ਚਾਹੀਦੀ ਹੈ। ਆੜ੍ਹਤ ਦੀ ਦੁਕਾਨ ’ਤੇ ਬੈਠਾ ਦੂਜਾ ਏਐੱਸਆਈ ਮੰਡੀ ’ਚੋਂ ਇੱਕ ਮਜ਼ਦੂਰ ਦੇ ਨਾਲ ਸਕੂਟਰੀ ‘ਤੇ ਬੈਠ ਕੇ ਆਪਣੇ ਘਰ ਗਿਆ ਅਤੇ ਗੱਡੀ ਲਿਆ ਕੇ ਜੋਗਿੰਦਰ ਨੂੰ ਦਿੱਤੀ।

30 ਮਾਰਚ ਦੀ ਸ਼ਾਮ ਨੂੰ ਜੋਗਿੰਦਰ ਮੰਡੀ ’ਚ ਹੀ ਗੱਡੀ ਵਾਪਸ ਕਰਕੇ ਗਿਆ। ਇਸ ਦੀਆਂ ਤਸਵੀਰਾਂ ਵੀ ਮੰਡੀ ’ਚ ਲੱਗੇ ਕੈਮਰਿਆਂ ’ਚ ਕੈਦ ਹੋਈਆਂ, ਜਿਸ ਤੋਂ ਸਾਰਾ ਪਰਦਾ ਉੱਠਿਆ ਹੈ। ਹਾਲਾਂਕਿ, ਖੰਨਾ ਰਹਿੰਦੇ ਏਐੱਸਆਈ ਦਾ ਕੋਈ ਕਸੂਰ ਸਿੱਟ ਦੀ ਜਾਂਚ ’ਚ ਹੁਣ ਤੱਕ ਸਾਹਮਣੇ ਨਹੀਂ ਆਇਆ। ਪ੍ਰੰਤੂ, ਫਿਰ ਵੀ ਇਨ੍ਹਾਂ ਤਸਵੀਰਾਂ ਨੇ ਇੱਕ ਗੱਲ ਤਾਂ ਸਾਫ ਕਰ ਦਿੱਤੀ ਹੈ ਕਿ 6.66 ਕਰੋੜ ਰੁਪਏ ਗਾਇਬ ਕਰਨ ਮਗਰੋਂ ਦੋ ਦਿਨ ਤਾਂ ਦੋਨੋਂ ਏਐੱਸਆਈ ਤੇ ਮੁਖਬਰ ਖੰਨਾ-ਪਟਿਆਲਾ ਹੀ ਘੁੰਮਦੇ ਰਹੇ। ਇਹ ਵੀ ਸਾਹਮਣੇ ਆਇਆ ਕਿ ਪਾਦਰੀ ਵੱਲੋਂ ਰੌਲਾ ਪਾਉਣ ਮਗਰੋਂ ਪਟਿਆਲਾ ਦੇ ਵਪਾਰੀ ਦੀ ਵਰਨਾ ਕਾਰ ਵੀ ਵਾਪਸ ਕਰ ਦਿੱਤੀ ਗਈ,

ਜਿਸ ਰਫ਼ਤਾਰ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਿਟ ਬਹੁਤ ਛੇਤੀ ਆਪਣੀ ਰਿਪੋਰਟ ਡੀਜੀਪੀ ਪੰਜਾਬ ਨੂੰ ਸੌਂਪ ਦੇਵੇਗੀ ਅਤੇ ਇਸ ਮਾਮਲੇ ’ਚ ਹੋਰ ਵੀ ਕਈ ਅਫਸਰਾਂ ਦੇ ਨਾਂ ਸਾਹਮਣੇ ਆਉਣ ਦੀ ਉਮੀਦ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਬਾਰੇ ਬੋਲਣ ਤੋਂ ਗੁਰੇਜ਼ ਹੀ ਕਰ ਰਹੇ ਹਨ।