ਬੈਂਸ ਆਪਣਾ ਆਧਾਰ ਖੋਹ ਚੁੱਕੇ ਹਨ, ਮੇਰਾ ਮੁਕਾਬਲਾ ਸਿਰਫ ਬਿੱਟੂ ਨਾਲ: ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹੇਸ਼ਇੰਦਰ ਸਿੰਘ ਗਰੇਵਾਲ ਬੈਂਸ ਨੂੰ ਇੱਕ ਵੱਡੀ ਚੁਣੌਤੀ ਨਹੀਂ ਸਮਝਦੇ

Maheshinder Singh Grewal

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਉਹ ਸਿਮਰਜੀਤ ਸਿੰਘ ਬੈਂਸ ਨੂੰ ਇੱਕ ਵੱਡੀ ਚੁਣੌਤੀ ਨਹੀਂ ਸਮਝਦੇ ਤੇ ਲੁਧਿਆਣਾ ਚ ਉਨ੍ਹਾਂ ਦੀ ਲੜਾਈ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਦੇ ਨਾਲ ਹੈ, ਜਿਹੜੇ ਪਹਿਲਾਂ ਤੋਂ ਲੋਕਾਂ ਦਾ ਭਰੋਸਾ ਖੋਹ ਚੁੱਕੇ ਹਨ। ਇੱਥੇ ਲੜੀਵਾਰ ਪ੍ਰਚਾਰ ਮੀਟਿੰਗਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਇੱਕ ਗ਼ੈਰ ਰਸਮੀ ਗੱਲਬਾਤ ਦੌਰਾਨ ਗਰੇਵਾਲ ਨੇ ਕਿਹਾ ਕਿ ਬੈਂਸ ਪਹਿਲਾਂ ਹੀ ਆਪਣਾ ਆਧਾਰ ਖੋਹ ਚੁੱਕੇ ਹਨ ਅਤੇ ਉਹ ਆਪਣੀ ਸਕਿਓਰਿਟੀ ਵੀ ਨਹੀਂ ਬਚਾ ਸਕਣਗੇ। 

ਉਨ੍ਹਾਂ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਨੇ ਜਿਸ ਚ ਲੋਕ ਪ੍ਰਧਾਨ ਮੰਤਰੀ ਦੀ ਚੋਣ ਕਰਦੇ ਹਨ, ਨਾ ਕਿ ਭੜਕਾਊ ਬਿਆਨਬਾਜੀ ਦੇਣ ਵਾਲਿਆਂ ਦੀ ਚੋਣ ਕਰਦੇ ਹਨ। ਬਿੱਟੂ ਤੇ ਹਮਲਾ ਬੋਲਦਿਆਂ ਗਰੇਵਾਲ ਨੇ ਕਿਹਾ ਕਿ ਬਿੱਟੂ ਨੂੰ ਬੀਤੇ ਪੰਜ ਸਾਲਾਂ ਦੌਰਾਨ ਕੀਤੀਆਂ ਗਈਆਂ ਗਲਤੀਆਂ ਦਾ ਜਵਾਬ ਦੇਣਾ ਚਾਹੀਦਾ ਹੈ। ਜਦਕਿ ਇਸ ਤੋਂ ਪਹਿਲਾਂ ਉਹ ਬਹਾਨਾ ਬਣਾਉਂਦੇ ਸਨ ਕਿ ਸੂਬੇ ਅੰਦਰ ਅਕਾਲੀ ਭਾਜਪਾ ਦੀ ਸਰਕਾਰ ਹੈ, ਪਰ ਬੀਤੇ ਦੋ ਸਾਲਾਂ ਤੋਂ ਇੱਥੇ ਕਾਂਗਰਸ ਦੀ ਸਰਕਾਰ ਹੈ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਲੁਧਿਆਣਾ ਲਈ ਕੀ ਕੀਤਾ।

ਉਨ੍ਹਾਂ ਕਿਹਾ ਕਿ ਬਿੱਟੂ ਦੀ ਸਿਰਫ਼ ਇੱਕੋ ਇੱਕ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਆਪਣੇ ਭਰਾ ਨੂੰ ਸਾਰੇ ਨਿਯਮਾਂ ਨੂੰ ਤੋੜ ਕੇ ਪੰਜਾਬ ਪੁਲਿਸ ਚ ਡੀਐੱਸਪੀ ਦੀ ਨੌਕਰੀ ਦਿਲਵਾਈ। ਗਰੇਵਾਲ ਨੇ ਬਿੱਟੂ ਨੂੰ ਜਵਾਬ ਦੇਣ ਲਈ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਲੁਧਿਆਣਾ ਚ ਐਲਾਨੇ ਗਏ ਸਮਾਰਟ ਸਿਟੀ ਪ੍ਰੋਜੈਕਟ ਦਾ ਕੀ ਬਣਿਆ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਤੇ ਸਥਾਨਕ ਐੱਮਪੀ ਦੀ ਬੇਰੁਖੀ ਕਾਰਨ ਇਹ ਪ੍ਰੋਜੈਕਟ ਬੁਰੀ ਹਾਲਤ ਚ ਹੈ। ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਦੱਖਣੀ ਬਾਈਪਾਸ ਦੇ ਪ੍ਰੋਜੈਕਟ ਨੂੰ ਵੀ ਰੁਕਵਾ ਦਿੱਤਾ।

ਜਿਸ ਨੂੰ ਅਕਾਲੀ ਭਾਜਪਾ ਸਰਕਾਰ ਨੇ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਸੂਬੇ ਅੰਦਰ ਅਕਾਲੀ ਭਾਜਪਾ ਗੱਠਜੋੜ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵੋਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਇੱਕ ਮਜ਼ਬੂਤ ਦੇਸ਼ ਲਈ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਮਜ਼ਬੂਤ ਹੋਵੇਗਾ, ਤਾਂ ਸੂਬਾ ਮਜ਼ਬੂਤ ਹੋਵੇਗਾ ਅਤੇ ਲੋਕ ਵੀ ਖੁਸ਼ ਤੇ ਸੁਖੀ ਰਹਿਣਗੇ। ਗਰੇਵਾਲ ਨੇ ਲੋਕਾਂ ਨੂੰ ਗਲਤ ਫੈਸਲਾ ਲੈਣ ਖਿਲਾਫ਼ ਚਿਤਾਵਨੀ ਵੀ ਦਿੱਤੀ, ਜਿਸ ਨਾਲ ਦੇਸ਼ ਅਰਾਜਕਤਾ ਵੱਲ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਮਿੱਤਲ, ਅਨਿਲ ਸਰੀਨ, ਰਵਿੰਦਰ ਅਰੋੜਾ, ਪ੍ਰਵੀਨ ਬਾਂਸਲ ਵੀ ਮੌਜੂਦ ਰਹੇ।