ਸਰਕਾਰ ਨਾਲ ਆਰ-ਪਾਰ ਦੇ ਮੂੜ ’ਚ ਕਿਸਾਨ, ਆਪ੍ਰੇਸ਼ਨ ਕਲੀਨ ਦੇ ਮੁਕਾਬਲੇ ਲਈ ਦਿੱਲੀ ਵੱਲ ਕੂਚ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦਾ ਵੱਡਾ ਜਥਾ ਦਿੱਲੀ ਦੇ ਟਿੱਕਰੀ ਬਾਰਡਰ ਲਈ ਸੰਗਰੂਰ ਦੇ ਖਨੌਰੀ ਬਾਰਡਰ ਤੋਂ ਹੋਇਆ ਰਵਾਨਾ

farmers protest

ਚੰਡੀਗੜ੍ਹ : ਦੇਸ਼ ਅੰਦਰ ਕਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਸਾਢੇ 4 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਦੇੜਣ ਸਬੰਧੀ ਸਰਕਾਰੀ ਵਿਉਂਤਾਂ ਦੀਆਂ ਕਨਸੋਆ ਸਾਹਮਣੇ ਆਉਣ ਬਾਅਦ ਕਿਸਾਨਾਂ ਨੇ ਵੀ ਅਗਲੀ ਰਣਨੀਤੀ ਤਹਿਤ ਅਗਾਊਂ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸੇ ਤਹਿਤ ਕਿਸਾਨਾਂ ਵਲੋਂ ਦਿੱਲੀ ਵੱਲ ਕੂਚ ਕਰਨ ਦੇ ਪ੍ਰੋਗਰਾਮ ਉਲੀਕਣੇ ਸ਼ੁਰੂ ਕਰ ਦਿੱਤੇ ਹਨ। ਕਣਕ ਦੇ ਚੱਲ ਰਹੇ ਵਾਢੀ ਸੀਜ਼ਨ ਲਈ ਬਹੁਤੇ ਕਿਸਾਨ ਵਾਪਸ ਪਰਤ ਆਏ ਸਨ। ਹੁਣ ਜਦੋਂ  ਕਣਕ ਦਾ ਵਾਢੀ ਸੀਜ਼ਨ ਸਮਾਪਤ ਹੋਣ ਕਿਨਾਰੇ ਹੈ ਤਾਂ ਕਿਸਾਨਾਂ ਨੇ ਮੁੜ ਦਿੱਲੀ ਵੱਲ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ।

ਸਰਕਾਰ ਦੇ ਮਨਸੂਬਿਆਂ ਨੂੰ ਭਾਂਪਦਿਆਂ ਪਿਛਲੇ ਦਿਨਾਂ ਦੌਰਾਨ ਦਿੱਲੀ ਬਾਰਡਰਾਂ ‘ਤੇ ਚੱਲ ਰਹੀਆਂ ਸਟੇਜਾਂ ਤੋਂ ਕਿਸਾਨ ਆਗਆਂ ਨੇ ਸਰਕਾਰ ਨੂੰ ਸਖਤ ਚਿਤਾਵਨੀ ਦੇਣ ਦੇ ਨਾਲ ਨਾਲ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਹਾਜ਼ਰੀ ਵਧਾਉਣ ਦੀ ਗੱਲ ਕਹੀ ਸੀ। ਇਸੇ ਤਹਿਤ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਦੇ ਟਿੱਕਰੀ ਬਾਰਡਰ ਲਈ ਸੰਗਰੂਰ ਦੇ ਖਨੌਰੀ ਬਾਰਡਰ ਤੋਂ ਰਵਾਨਾ ਹੋਇਆ।

ਇਸ ਜਥੇ 'ਚ 15,000 ਕਿਸਾਨ ਸ਼ਾਮਲ ਹਨ। ਇਸ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਦੇ ਆਪ੍ਰੇਸ਼ਨ ਕਲੀਨ ਦਾ ਜਵਾਬ ਦੇਣ ਜਾ ਰਹੇ ਹਾਂ। ਜੇ ਸਰਕਾਰ ਆਪ੍ਰੇਸ਼ਨ ਕਲੀਨ ਚਲਾ ਕੇ ਸਾਨੂੰ ਜ਼ਬਰਦਸਤੀ ਚੁੱਕਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਸਾਡੀਆਂ ਲਾਸ਼ਾਂ ਦੇ ਢੇਰ ਤੋਂ ਲੰਘਣਾ ਪਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਆਪਣੇ ਦੇਸ਼ ਦੇ ਨਾਲ-ਨਾਲ ਦੂਸਰੇ ਦੇਸ਼ਾਂ ਦੀ ਆਰਮੀ ਵੀ ਬੁਲਾ ਲਵੇ, ਪਰ ਅਸੀਂ ਉਥੋਂ ਜਾਣ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਹਾਨੇ ਸਰਕਾਰ ਕਿਸਾਨਾਂ ਨੂੰ ਖਦੇੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ 15 ਹਜ਼ਾਰ ਕਿਸਾਨਾਂ ਦਾ ਵੱਡਾ ਜਥਾ ਲੈ ਕੇ ਦਿੱਲੀ ਜਾ ਰਹੇ ਹਾਂ। ਕੋਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਕਿਸਾਨਾਂ ਨੂੰ ਘਰ ਪਰਤਣ ਦੀਆਂ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਜਵਾਬ ਵਿਚ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਸਲ ਘਰ ਹੁਣ ਉਹੀ ਹੈ ਜਿੱਥੇ ਉਹ ਪਿਛਲੇ 4-5 ਮਹੀਨਿਆਂ ਤੋਂ ਰਹਿੰਦੇ ਆ ਰਹੇ ਹਨ।

ਕਿਸਾਨ ਆਗੂਆਂ ਮੁਤਾਬਕ ਜਦੋਂ ਕੜਾਕੇ ਦੀ ਠੰਡ, ਬਰਸਾਤ ਅਤੇ ਹੁਣ ਗਰਮੀ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕੀ, ਤਾਂ ਕਰੋਨਾ ਵੀ ਉਨ੍ਹਾਂ ਨੂੰ ਕੁੱਝ ਨਹੀਂ ਕਹੇਗਾ। ਉਨ੍ਹਾਂ ਕਿਹਾ ਕਿ ਅਸੀਂ ਕਰੋਨਾ ਦੇ ਬਚਾਅ ਸਬੰਧੀ ਜਾਰੀ ਸਾਰੀਆਂ ਹਦਾਇਤਾਂ ਅਤੇ ਸਾਵਧਾਨੀਆਂ ਦਾ ਪਾਲਣ ਕਰ ਰਹੇ ਹਾਂ ਅਤੇ ਸਰਕਾਰ ਨੂੰ ਵੀ ਕਿਸਾਨਾਂ ਨੂੰ ਉਥੋਂ ਉਠਾਉਣ ਦਾ ਖਿਆਲ ਛੱਡ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਕੋਰੋਨਾ ਨਾਲ ਨਜਿੱਠਣ ਵੱਲ ਧਿਆਨ ਦੇਣਾ ਚਾਹੀਦਾ ਹੈ।