ਪੰਜਾਬ 'ਚ ਸੱਭ ਤੋਂ ਵੱਧ 29, 30 ਅਤੇ 31 ਸਾਲ ਉਮਰ ਵਰਗ ਦੇ ਵੋਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

100 ਸਾਲਾ ਵੋਟਰਾਂ ਦੀ ਗਿਣਤੀ ਸੱਭ ਤੋਂ ਘੱਟ ; 60 ਸਾਲ ਤੋਂ ਬਾਅਦ ਦੇ ਉਮਰ ਵਰਗਾਂ 'ਚ ਮਹਿਲਾ ਵੋਟਰਾਂ ਦੀ ਗਿਣਤੀ ਵੱਧ

Vote

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਭਾਰਤ ਦੀਆਂ ਆਮ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ। ਇਹ ਚੋਣਾਂ ਮਹਿਜ਼ ਸੱਤਾ ਪਰਿਵਰਤਨ ਲਈ ਹੀ ਨਹੀਂ ਹੁੰਦੀਆਂ, ਸਗੋਂ ਬੜੇ ਹੀ ਸਟੀਕ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਸਮਾਜ ਦੇ ਕਈ ਰੂਪ ਪ੍ਰਸਤੁਤ ਕਰਦੀਆਂ ਹਨ। ਜਿਵੇਂ ਕਿ ਪੰਜਾਬ ਦੀ ਤਾਜ਼ਾ ਵੋਟਰ ਸੂਚੀ ਮੁਤਾਬਕ ਵੱਖ-ਵੱਖ ਉਮਰ ਵਰਗਾਂ ਦੇ ਵੋਟਰਾਂ ਦੀ ਗਿਣਤੀ ਨੂੰ ਲੈ ਕੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ।

29 ਅਪ੍ਰੈਲ 2019 ਦੀ ਵੋਟਰ ਸੂਚੀ ਦੀ ਸਥਿਤੀ ਮੁਤਾਬਕ ਪੰਜਾਬ 'ਚ ਸੱਭ ਤੋਂ ਵੱਧ ਵੋਟਰਾਂ ਦੀ ਗਿਣਤੀ 29, 30 ਅਤੇ 31 ਸਾਲ ਦੇ ਵੋਟਰਾਂ ਨਾਲ ਸਬੰਧਤ ਹੈ, ਜਿਨ੍ਹਾਂ ਦੀ ਕੁਲ ਗਿਣਤੀ 24,61,766 ਬਣਦੀ ਹੈ, ਜਦਕਿ ਸੂਬੇ 'ਚ 18 ਸਾਲ ਤੋਂ ਲੈ ਕੇ 100 ਅਤੇ ਉਸ ਤੋਂ ਵੱਧ ਦੇ ਕੁਲ ਵੋਟਰਾਂ ਦੀ ਗਿਣਤੀ 2 ਕਰੋੜ 71 ਲੱਖ 811 ਹੈ। ਇਨ੍ਹਾਂ 'ਚ ਵੀ ਪੰਜਾਬ 'ਚ ਸੱਭ ਤੋਂ ਵੱਧ ਵੋਟਰ 31 ਸਾਲ ਉਮਰ ਵਰਗ ਦੇ 6,33,580 ਹਨ, ਜਿਨ੍ਹਾਂ 'ਚੋਂ ਮਰਦ ਵੋਟਰਾਂ ਦੀ ਗਿਣਤੀ ਵੱਧ ਹੈ, ਜੋ 3,40,280 ਬਣਦੀ ਹੈ, ਜਦਕਿ 31 ਸਾਲ ਉਮਰ ਦੀਆਂ ਮਹਿਲਾ ਵੋਟਰਾਂ 2,93,279 ਹਨ।

ਇਨ੍ਹਾਂ 'ਚੋਂ 21 ਵੋਟਰ ਥਰਡ ਜੈਂਡਰ ਹਨ। ਇਸ ਸੱਭ ਤੋਂ ਉਪਰਲੇ ਅੰਕੜੇ ਦੇ ਮੁਕਾਬਲੇ ਸੱਭ ਤੋਂ ਘੱਟ ਵੋਟਰ 100 ਸਾਲ ਦੇ ਹਨ, ਜਿਨ੍ਹਾਂ ਦੀ ਕੁਲ ਗਿਣਤੀ ਮਹਿਜ਼ 945 ਹੈ। ਅਹਿਮ ਗੱਲ ਇਹ ਹੈ ਕਿ ਪੰਜਾਬ 'ਚ 60 ਸਾਲ ਉਮਰ ਵਰਗ ਤੋਂ ਪਹਿਲਾਂ ਦੇ ਵੋਟਰਾਂ 'ਚ ਜਿੱਥੇ ਵੱਧ ਗਿਣਤੀ ਮਰਦ ਵੋਟਰਾਂ ਦੀ ਹੈ, ਉੱਥੇ ਹੀ ਇਕੱਲੇ 60 ਸਾਲ ਉਮਰ ਵਰਗ ਦੇ 1,99,925 ਵੋਟਰਾਂ 'ਚੋਂ 97,854 ਮਰਦ ਵੋਟਰਾਂ ਦੇ ਮੁਕਾਬਲੇ ਮਹਿਲਾ ਵੋਟਰ 1,02,057 ਹਨ, ਜਿਸ 'ਚ 60 ਸਾਲ ਉਮਰ ਵਰਗ ਤੋਂ ਬਾਅਦ ਉੱਪਰਲੇ ਉਮਰ ਵਰਗਾਂ 'ਚ ਮਹਿਲਾ ਵੋਟਰਾਂ ਦੀ ਗਿਣਤੀ ਮਰਦ ਵੋਟਰਾਂ ਨਾਲੋਂ ਵੱਧ ਦਰਜ ਕੀਤੀ ਗਈ ਹੈ।

100 ਸਾਲ ਉਮਰ ਵਰਗ ਦੇ 945 ਵੋਟਰਾਂ 'ਚੋਂ 546 ਮਹਿਲਾ ਵੋਟਰਾਂ ਵਜੋਂ ਵੱਧ ਬਰਕਰਾਰ ਹੈ ਅਤੇ ਸੂਬੇ 'ਚ 100 ਸਾਲ ਤੋਂ ਉੱਪਰ ਦੇ 4,654 ਵੋਟਰਾਂ 'ਚੋਂ ਵੀ 2022 ਮਰਦ ਵੋਟਰਾਂ ਦੇ ਮੁਕਾਬਲੇ 2631 ਮਹਿਲਾ ਵੋਟਰਾਂ ਵਜੋਂ ਦਰਜ ਕੀਤੀ ਗਈ ਹੈ, ਜਦਕਿ ਇਸ ਸੱਭ ਤੋਂ ਸਿਖਰਲੇ ਉਮਰ ਵਰਗ ਦੇ ਵੋਟਰਾਂ 'ਚ ਵੀ ਥਰਡ ਜੈਂਡਰ ਨਾਲ ਸਬੰਧਤ ਇਕ ਵੋਟਰ ਮੌਜੂਦ ਹੈ। 

ਇਸੇ ਤਰ੍ਹਾਂ 18 ਸਾਲ ਉਮਰ ਵਰਗ ਦੇ ਪਹਿਲੀ ਵਾਰ ਬਣੇ ਵੋਟਰਾਂ ਦੀ ਗਿਣਤੀ ਪੰਜਾਬ 'ਚ 1,62,595 ਹੈ। ਜਿਨ੍ਹਾਂ 'ਚੋਂ 1,05,087 ਇਕੱਲੇ ਮਰਦ ਵੋਟਰ ਹਨ, ਜਦਕਿ 57,486 ਮਹਿਲਾ ਅਤੇ ਥਰਡ ਜੈਂਡਰ ਨਾਲ ਸਬੰਧਰ 22 ਵੋਟਰ ਪੰਜਾਬ 'ਚ ਇਸ ਵੇਲੇ ਹਨ।