ਨਵਜੋਤ ਸਿੱਧੂ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ : ਸੁਖਪਾਲ ਖਹਿਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸਿੱਧੂ ਨੂੰ ਮਰਦਾਂ ਵਾਲੇ ਫ਼ੈਸਲੇ 'ਤੇ ਬਰਕਰਾਰ ਰਹਿ ਕੇ ਝੁਕਣਾ ਨਹੀਂ ਚਾਹੀਦਾ

Sukhpal Singh Khehra supported Navjot Singh Sidhu

ਬਠਿੰਡਾ : ਕਾਂਗਰਸ 'ਚ ਚੱਲ ਰਹੀ ਅੰਦਰੂਨੀ ਜੰਗ ਨੂੰ ਹੋਰ ਹਵਾ ਦਿੰਦਿਆਂ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਹਿਤੈਸ਼ੀ ਕਰਾਰ ਦਿੰਦਿਆਂ ਉਸ ਨੂੰ ਕੈਪਟਨ ਤੇ ਬਾਦਲਾਂ ਦੇ ਦਬਾਅ ਅੱਗੇ ਨਾ ਝੂਕਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਕੀਤੀ ਇਕ ਪ੍ਰੈਸ ਕਾਨਫ਼ਰੰਸ ਵਿਚ ਬਠਿੰਡਾ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਮੁੱਦਿਆਂ 'ਤੇ ਸਾਂਝੀ ਲੜਾਈ ਲਈ ਹਮੇਸ਼ਾ ਗਠਜੋੜ ਦੇ ਦਰਵਾਜ਼ੇ ਸਿੱਧੂ ਵਾਸਤੇ ਖੁੱਲ੍ਹੇ ਹਨ ਅਤੇ ਉਹ ਜਦੋਂ ਚਾਹੁਣ ਆ ਸਕਦੇ ਹਨ। 

ਸ. ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਕੈਪਟਨ ਤੇ ਬਾਦਲਾਂ ਵਲੋਂ ਮਿਲ ਕੇ ਸਿਆਸੀ ਖੇਡ ਖੇਡਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਹੁਣ ਕਾਂਗਰਸ ਸਰਕਾਰ ਦੀ ਵਜ਼ਾਰਤ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖੁਲਾਸਿਆਂ ਨੇ ਹੋਰ ਮਜਬੂਤ ਕੀਤਾ ਹੈ। ਉਨ੍ਹਾਂ ਸਿੱਧੂ ਦੇ ਬਾਦਲਾਂ ਤੇ ਕੈਪਟਨ ਦੇ 'ਦੋਸਤਾਨਾਂ ਮੈਚ' ਨੂੰ ਜੱਗ ਜਾਹਰ ਕਰਨ ਦੇ ਦਲੇਰਨਾ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਕੈਪਟਨ ਦੇ ਖ਼ੁਸਾਮਦ ਮੰਤਰੀ ਤੇ ਵਿਧਾਇਕ ਉਸ 'ਤੇ ਦਬਾਅ ਪਾਉਣ ਲਈ ਵਾਅ-ਵਰੋਲਾ ਖੜਾ ਕਰਨਗੇ ਪਰ ਸਿੱਧੂ ਨੂੰ ਮਰਦਾਂ ਵਾਲੇ ਫ਼ੈਸਲੇ 'ਤੇ ਬਰਕਰਾਰ ਰਹਿ ਕੇ ਝੁਕਣਾ ਨਹੀਂ ਚਾਹੀਦਾ। 

ਉਨ੍ਹਾਂ ਕਿਹਾ ਕਿ ਪੰਜਾਬ ਜਮਹੂਰੀ ਗਠਜੋੜ ਸਿੱਧੂ ਦੇ ਨਾਲ ਖੜਾ ਹੈ ਅਤੇ ਹੁਣ ਸਮਾਂ ਵੀ ਆ ਗਿਆ ਹੈ ਕਿ ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਇੱਕ ਮੰਚ 'ਤੇ ਆ ਕੇ ਲੜਾਈ ਲੜਣੀ ਪੈਣੀ ਹੈ। ਖਹਿਰਾ ਨੇ ਕੈਪਟਨ ਤੇ ਬਾਦਲਾਂ ਪ੍ਰਵਾਰਾਂ 'ਚ ਸਾਂਝ ਦੇ ਹਵਾਲੇ ਦਿੰਦਿਆਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਇਮਪਰੂਮੈਂਟ ਟਰੱਸਟ ਅਤੇ ਲੁਧਿਆਣਾ ਸਿਟੀ ਸੈਂਟਰ 'ਚ ਨਿਯਮ ਛਿੱਕੇ ਟੰਗ ਕੇ ਕੈਂਸਲੇਸ਼ਨ ਭਰੀ ਗਈ।  ਜਿਸ ਦੇ ਇਵਜ਼ ਵਿਚ ਹੁਣ ਕੈਪਟਨ ਸਾਹਿਬ ਬਾਦਲਾਂ ਨੂੰ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਲੈ ਕੇ ਬੇਅਦਬੀ ਤੱਕ ਕਲੀਨ ਚਿੱਟ ਦਿੱਤੀ ਜਾ ਰਹੀ ਹੈ।

ਨਵਜੋਤ ਸਿੰਘ ਸਿੱਧੂ ਵਲੋਂ ਚੁੱਕੇ ਮੁੱਦੇ ਨੂੰ ਸਹੀ ਕਰਾਰ ਦਿੰਦਿਆਂ ਖਹਿਰਾ ਨੇ ਕਿਹਾ ਕਿ ਪਹਿਲਾਂ ਕਮਿਸ਼ਨ ਬਣਾਇਆ ਗਿਆ, ਉਸਤੋਂ ਬਾਅਦ ਸਿੱਟ ਬਣਾਈ ਗਈ ਹੈ ਪ੍ਰੰਤੂ ਦੋ ਪੁਲਿਸ ਅਫ਼ਸਰਾਂ ਨੂੰ ਫ਼ੜਣ ਕੇ ਗੋਗਲਿਆਂ ਤੋਂ ਮਿੱਟੀ ਝਾਂੜਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਕਾਂਡ 'ਤੇ ਹੁਣ ਤੱਕ ਹੋਈ ਪ੍ਰਗਤੀ ਦਾ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਹ ਲੋਕਾਂ ਵਲੋਂ ਵਾਈਟ ਪੇਪਰ ਜਾਰੀ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਦੀਪਕ ਬਾਂਸਲ ਵੀ ਹਾਜ਼ਰ ਸਨ।