ਮੋਗਾ ਦੇ ਪਿੰਡ ਲੰਗੇਆਣਾ ਵਿਚ ਲੜਾਕੂ ਜਹਾਜ਼ ਮਿਗ-21 ਹਾਦਸਾਗ੍ਰਸਤ
ਬਾਘਾ ਪੁਰਾਣਾ ਦੇ ਨਾਲ ਲੱਗਦੇ ਪਿੰਡ ਲੰਗੇਆਣਾ ਵਿਖੇ ਬੀਤੀ ਰਾਤ ਕਰੀਬ 11 ਵਜੇ ਭਾਰਤੀ ਹਵਾਈ ਫੌਜ ਦਾ ਜਹਾਜ਼ ਮਿੱਗ 21 ਹਾਦਸਾਗ੍ਰਸਤ ਹੋ ਗਿਆ।
ਮੋਗਾ (ਦਲੀਪ ਕੁਮਾਰ): ਬਾਘਾ ਪੁਰਾਣਾ ਦੇ ਨਾਲ ਲੱਗਦੇ ਪਿੰਡ ਲੰਗੇਆਣਾ ਵਿਖੇ ਬੀਤੀ ਰਾਤ ਕਰੀਬ 11 ਵਜੇ ਭਾਰਤੀ ਹਵਾਈ ਫੌਜ ਦਾ ਜਹਾਜ਼ ਮਿੱਗ 21 ਹਾਦਸਾਗ੍ਰਸਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਾਈਲਟ ਅਭੀਨਵ ਚੌਧਰੀ ਨੇ ਸਿਖਲਾਈ ਤਹਿਤ ਰਾਜਸਥਾਨ ਦੇ ਸੂਰਤਗੜ੍ਹ ਤੋਂ ਮਿੱਗ 21 ਤੋਂ ਉਡਾਣ ਭਰੀ ਸੀ।
ਜਿਸ ਤੋਂ ਬਾਅਦ ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਨੇੜੇ ਇਹ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਜਹਾਜ਼ ਦਾ ਪਾਈਲਟ ਜਹਾਜ਼ ਤੋਂ ਕਾਫੀ ਦੂਰ ਜਾ ਡਿੱਗਿਆ, ਇਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਾਲਾਂਕਿ ਅਧਿਕਾਰੀਆਂ ਵੱਲੋਂ ਉਹਨਾਂ ਦੀ ਸਥਿਤੀ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਜਹਾਜ਼ ਨੂੰ ਬਹੁਤ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਦੂਰ-ਦੂਰ ਤੱਕ ਜਹਾਜ਼ ਦੇ ਪਰਖੱਚੇ ਉੱਡ ਰਹੇ ਸਨ। ਉੱਥੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ।