ਝੋਨੇ ਦੀ ਲਵਾਈ ਦੇ ਪਹਿਲੇ ਦਿਨ ਪਾਵਰਕਾਮ ਦੀਆਂ ਤਾਰਾਂ ਪਈਆਂ ਠੰਢੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਲਵਾਈ ਲਈ ਮਿਥੀ 20 ਤਾਰੀਖ਼ ਤੋਂ ਸ਼ੁਰੂ ਕਰਨ ਅਤੇ 8 ਘੰਟੇ ਨਿਰਵਿਘਨ ਬਿਜਲੀ.....

File Photo

ਬਠਿੰਡਾ (ਦਿਹਾਤੀ) : ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਲਵਾਈ ਲਈ ਮਿਥੀ 20 ਤਾਰੀਖ਼ ਤੋਂ ਸ਼ੁਰੂ ਕਰਨ ਅਤੇ 8 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਦੀ ਫੂਕ ਪਹਿਲੇ ਦਿਨ ਹੀ ਨਿਕਲ ਗਈ ਜਦ ਕਿਸਾਨਾਂ ਨੂੰ ਪੰਜਾਬ ਰਾਜ ਪਾਵਰਕਾਮ ਵਲੋਂ ਝੋਨੇ ਦੀ ਲਵਾਈ ਲਈ ਕੁੱਝ ਮਿੰਟ ਬਿਜਲੀ ਦੇਣ ਤੋਂ ਬਾਅਦ ਮੁੜ ਖੇਤੀ ਬਿਜਲੀ ਦੇ ਕੱਟ ਸੁਣਾਈ ਦੇਣ ਲੱਗੇ। ਜ਼ਿਆਦਾਤਰ ਬਿਜਲੀ ਗਰਿੱਡਾਂ ਤੋਂ ਖੇਤੀ ਲਈ ਬਿਜਲੀ ਦੇਣ ਵਾਲੀਆਂ ਤਾਰਾਂ ਠੰਢੀਆਂ ਪੈਣੀਆਂ ਸ਼ੁਰੂ ਹੋਈਆਂ।

ਬੇਵੱਸ ਕਿਸਾਨਾਂ ਵਲੋਂ ਪਾਵਰਕਾਮ ਦੀ ਕਾਰਗੁਜ਼ਾਰੀ ਨੂੰ ਭਾਂਪਦਿਆਂ ਮਾਲਵੇ ਭਰ ਵਿਚਲੀਆਂ ਡ੍ਰੇਨਾਂ ਵਿਚ ਪਾਇਪਾਂ ਸੁੱਟ ਕੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਗੰਦੇ ਤੇ ਤੇਜ਼ਾਬੀ ਪਾਣੀ ਨਾਲ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ।  ਜਾਣਕਾਰੀ ਅਨੁਸਾਰ ਜ਼ਿਲ੍ਹੇ ਅੰਦਰ ਲਸਾੜਾ ਡਰੇਨ ਵਿਚ ਅੱਧੀ ਦਰਜਨ ਤੋਂ ਵੱਧ ਪਿੱਥੋ ਤੋਂ ਮੰਡੀ ਕਲਾਂ ਵਿਚਕਾਰ ਨਿਮਨ ਕਿਸਾਨਾਂ ਵਲੋਂ ਅਜਿਹੀਆਂ ਪਾਇਪਾਂ ਸੁੱਟ ਕੇ ਜੁਗਾੜੀ ਇੰਜਣਾਂ ਅਤੇ ਟਰੈਕਟਰਾਂ ਨਾਲ ਖੇਤਾਂ ਨੂੰ ਪਾਣੀ ਨਾਲ ਭਰਨਾ ਸ਼ੁਰੂ ਕੀਤਾ ਤਾਂ ਜੋ ਝੋਨੇ ਦੀ ਲਵਾਈ ਲਈ ਬੁੱਕ ਕੀਤੀ ਪ੍ਰਵਾਸੀ ਮਜ਼ਦੂਰਾਂ ਦੀ ਟੋਲੀ ਨੂੰ ਸਮੇਂ ਸਿਰ ਵਾਹਨ ਤਿਆਰ ਮਿਲ ਸਕੇ। 

ਉਧਰ ਅਜਿਹਾ ਇਕੱਲੇ ਉਕਤ ਰਾਹ ਉਪਰ ਹੀ ਨਹੀਂ ਬਲਕਿ ਅਨੇਕਾਂ ਡ੍ਰੇਨਾਂ ਉਪਰ ਪੈਂਦੇ ਪਿੰਡਾਂ ਅੰਦਰ ਅਜਿਹਾ ਵਿਖਾਈ ਸੁਣਾਈ ਦੇਣ ਲੱਗਾ। ਅਜਿਹੀਆਂ ਪਾਇਪਾਂ ਲਾਉਣ ਵਾਲੇ ਕਿਸਾਨ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ ਉਪਰ ਦਸਿਆ ਕਿ ਸਰਕਾਰ ਦੀਆ ਹਦਾਇਤਾਂ ਉਪਰ ਅਮਲ ਕਰਦਿਆਂ 20 ਜੂਨ ਤੋਂ ਹੀ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਪੱਕਾ ਮਨ ਬਣਾ ਲਿਆ ਸੀ ਪਰ ਬਿਜਲੀ ਦੀ ਪਹਿਲੇ ਦਿਨ ਦੀ ਦਿੱਕਤ ਨੇ ਪੂਰਾ ਜੋਸ਼ ਹੀ ਖ਼ਤਮ ਕਰ ਦਿਤਾ।

ਜਿਸ ਕਾਰਨ ਡੀਜ਼ਲ ਦੀ ਵੱਡੀ ਢੋਲੀ ਪਾ ਕੇ ਇੰਜਣ ਨੂੰ ਡਰੇਨ ਵਿਚੋਂ ਪਾਣੀ ਚੁੱਕਣ ਲਈ ਚਲਾਇਆ ਹੈ ਤਾਂ ਜੋ ਝੋਨੇ ਦੀ ਲਵਾਈ ਲਈ ਬੜੀ ਮੁਸ਼ਕਲ ਨਾਲ ਲਿਆਂਦੀ ਪ੍ਰਵਾਸੀ ਮਜ਼ਦੂਰਾਂ ਦੀ ਟੋਲੀ ਹੱਥੋਂ ਨਾ ਨਿਕਲ ਜਾਵੇ। ਕਿਸਾਨ ਨੇ ਦਸਿਆ ਕਿ ਸਰਕਾਰ ਵਲੋਂ ਭਾਵੇਂ ਝੋਨੇ ਦੀ ਲਵਾਈ ਦੀ ਤਾਰੀਖ਼ ਆ ਜਾਣ ਕਾਰਨ ਨਹਿਰਾਂ ਅੰਦਰ ਪਾਣੀ ਵਧੇਰੇ ਛੱਡਿਆ ਗਿਆ ਹੈ ਪਰ ਰਾਤ ਭਰ ਤੋਂ ਹੀ ਪਾਣੀ ਦੀ ਚੋਰੀ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋਇਆ ਹੈ ਜਿਸ ਕਾਰਨ ਟੇਲਾਂ ਉਪਰ ਬੈਠੇ ਕਿਸਾਨਾਂ ਨੂੰ ਅਜਿਹੀ ਮਾਰ ਵੀ ਝੱਲਣੀ ਪੈ ਰਹੀ ਹੈ। 

ਉਧਰ ਕਈ ਕਿਸਾਨਾਂ ਨੇ ਇਹ ਵੀ ਕਿਹਾ ਕਿ ਪਹਿਲੇ ਹੀ ਦਿਨ ਬਿਜਲੀ ਦੀ ਸਪਲਾਈ ਵਿਚਲੇ ਵਿਘਨ ਨੇ ਕਈ ਅੜਚਣਾਂ ਪੈਦਾ ਕਰ ਦਿਤੀਆਂ ਹਨ ਕਿਉਂਕਿ ਪਹਿਲਾਂ ਹੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ 10 ਦਿਨ ਦੇਰੀ ਨਾਲ ਸ਼ੁਰੂ ਹੋਈ ਝੋਨੇ ਦੀ ਲਵਾਈ ਕਾਰਨ ਜ਼ਿਆਦਾ ਦਿਨ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਵਿਚ ਦੇਰੀ ਹੋ ਚੁੱਕੀ ਹੈ। ਮਾਮਲੇ ਸਬੰਧੀ ਜਦ ਪਾਵਰਕਾਮ ਦੇ ਇਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਤਦ ਉਨ੍ਹਾਂ ਕਿਹਾ ਕਿ ਬਿਜਲੀ ਦੀ ਸਪਲਾਈ ਭਾਵੇਂ ਸਮੁੱਚੇ ਫੀਡਰਾਂ ਉਪਰੋਂ ਖੇਤੀ ਲਈ ਅੱਠ ਘੰਟੇ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ।

ਪਰ ਜਿਨ੍ਹਾਂ ਫੀਡਰਾਂ ਉਪਰ ਘਰੇਲੂ ਬਿਜਲੀ ਦੀ ਖਪਤ ਵਧੇਰੇ ਹੈ, ਉਨ੍ਹਾਂ ਫੀਡਰਾਂ ਉਪਰ ਖੇਤੀ ਲਈ ਬਿਜਲੀ ਦੀ ਕਿੱਲਤ ਪਹਿਲੇ ਦਿਨ ਜ਼ਰੂਰ ਆਈ ਹੈ ਪਰ ਕਲ ਤੋਂ ਬਿਜਲੀ ਨਿਰਵਿਘਨ ਦਿਤੀ ਜਾਵੇਗੀ ਕਿਉਂਕਿ ਪਾਵਰਕਾਮ ਦੇ ਮੁੱਖ ਦਫ਼ਤਰ ਤੋਂ ਕਿਸਾਨੀ ਲਈ ਬਿਜਲੀ ਅੱਠ ਘੰਟੇ ਨਿਰਵਿਘਨ ਦਿਤੇ ਜਾਣ ਦਾ ਪੂਰਨ ਪ੍ਰੋਗਰਾਮ ਹੈ।