ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਵਿਦਿਆਰਥੀ ਦੀ ਮੌਤ, ਨੌਜੁਆਨ ਦੇ ਕੰਨਾਂ 'ਚ ਲੱਗੇ ਹੋਏ ਸਨ ਈਅਰਫੋਨਸ

ਏਜੰਸੀ

ਖ਼ਬਰਾਂ, ਪੰਜਾਬ

ਪਟੜੀ ਤੋਂ ਲੰਘਦੇ ਸਮੇਂ ਵਾਪਰਿਆ ਹਾਦਸਾ  

Ashu Kamboj (file photo)

ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਚੱਕ ਪੱਖੀ ਵਿਚ ਰੇਲ ਇੰਜਣ ਦੀ ਲਪੇਟ ਵਿਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਹਰਪ੍ਰੀਤ ਸਿੰਘ ਵਾਸੀ ਚਿਮਨੇਵਾਲਾ ਨੇ ਦਸਿਆ ਕਿ ਬੁੱਧਵਾਰ ਸਵੇਰੇ 8.30 ਵਜੇ ਦੇ ਕਰੀਬ ਇਕ ਲੜਕਾ ਰੇਲਵੇ ਲਾਈਨ ਦੇ ਕਿਨਾਰੇ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਦੇ ਹੇਠਾਂ ਜਾ ਰਿਹਾ ਸੀ ਕਿ ਉਸ ਨੂੰ ਬਠਿੰਡਾ ਤੋਂ ਆ ਰਹੇ ਇਕ ਇੰਜਣ ਨੇ ਟੱਕਰ ਮਾਰ ਦਿਤੀ।

ਇਸ ਬਾਰੇ ਹੋਣ ਜਾਣਕਾਰੀ ਸਾਂਝੀ ਕਰਦਿਆਂ ਰੇਲਵੇ ਜੀ.ਆਰ.ਪੀ. ਦੇ ਏ.ਐਸ.ਆਈ. ਭਜਨ ਲਾਲ ਨੇ ਦਸਿਆ ਕਿ ਲੜਕੇ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ ਬੁੱਧਵਾਰ ਸਵੇਰੇ ਕਰੀਬ 8:30 ਵਜੇ ਹਾਦਸੇ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਲਿਆ। ਲੜਕੇ ਦੀ ਜੇਬ 'ਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਹੋਈ। ਮ੍ਰਿਤਕ ਦੀ ਪਛਾਣ ਆਸ਼ੂ ਕੰਬੋਜ, ਉਮਰ ਕਰੀਬ 17 ਸਾਲ ਵਜੋਂ ਹੋਈ ਹੈ ਅਤੇ ਉਹ 12ਵੀਂ ਜਮਾਤ ਦਾ ਵਿਦਿਆਰਥੀ ਸੀ।

ਮ੍ਰਿਤਕ ਦੇ ਕੰਨਾਂ ਵਿਚ ਈਅਰਫੋਨਸ ਲੱਗੇ ਮਿਲੇ ਹਨ ਅਤੇ ਸ਼ਾਇਦ ਉਹ ਸਕੂਲ ਜਾਂ ਕੋਚਿੰਗ ਲਈ ਰਵਾਨਾ ਹੋਇਆ ਸੀ। ਰੇਲਗੱਡੀ ਦੇ ਇੰਜਣ ਦੀ ਆਵਾਜ਼ ਸੁਣਾਈ ਨਾ ਦੇਣ ਕਾਰਨ ਹਾਦਸਾ ਵਾਪਰਿਆ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਮ੍ਰਿਤਕ ਦੇ ਵਾਰਸਾਂ ਨੇ ਮੌਕੇ ’ਤੇ ਆ ਕੇ ਲਾਸ਼ ਦੀ ਪਛਾਣ ਕੀਤੀ। ਮਾਮਲੇ 'ਚ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਇਤਫਾਕੀਆ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।