ਵਰਕਿੰਗ ਕਮੇਟੀ ਵਿਚ ਕੈਪਟਨ ਨੂੰ ਛਡਣਾ ਕਾਂਗਰਸ ਨੂੰ ਮਹਿੰਗਾ ਪੈ ਸਕਦੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਾਲ 16 ਫ਼ਰਵਰੀ ਨੂੰ ਪੁਰਾਣੀ ਵਰਕਿੰਗ ਕਮੇਟੀ ਭੰਗ ਕਰਨ ਉਪ੍ਰੰਤ ਪੰਜ ਮਹੀਨੇ ਬਾਅਦ ਹੁਣ ਐਲਾਨੀ ਗਈ 61 ਮੈਂਬਰੀ ਕਾਂਗਰਸ ਵਰਕਿੰਗ ਕਮੇਟੀ ਵਿਚ ਪੰਜਾਬ............

Amarinder Singh

ਚੰਡੀਗੜ੍ਹ :  ਇਸ ਸਾਲ 16 ਫ਼ਰਵਰੀ ਨੂੰ ਪੁਰਾਣੀ ਵਰਕਿੰਗ ਕਮੇਟੀ ਭੰਗ ਕਰਨ ਉਪ੍ਰੰਤ ਪੰਜ ਮਹੀਨੇ ਬਾਅਦ ਹੁਣ ਐਲਾਨੀ ਗਈ 61 ਮੈਂਬਰੀ ਕਾਂਗਰਸ ਵਰਕਿੰਗ ਕਮੇਟੀ ਵਿਚ ਪੰਜਾਬ ਤੋਂ ਕੋਈ ਵੀ ਸਿਰਕੱਢ ਲੀਡਰ ਨਾ ਲੈਣ ਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਣਗੋਲਿਆਂ ਕਰ ਕੇ ਰਾਹੁਲ ਗਾਂਧੀ ਨੇ ਇਸ ਸਰਹੱਦੀ ਸੂਬੇ ਦੇ ਲੋਕਾਂ ਨੂੰ ਨਿਰਾਸ਼ ਹੀ ਨਹੀਂ ਕੀਤਾ ਬਲਕਿ ਲੋਕ ਸਭਾ ਚੋਣਾਂ ਲਈ ਜੋਸ਼ ਭਰਿਆ ਪ੍ਰਚਾਰ ਕਰਨ 'ਤੇ ਬ੍ਰੇਕਾਂ ਲਾ ਦਿਤੀਆਂ ਹਨ। ਪੰਜਾਬ ਤੋਂ ਸਿਰਫ਼ ਅੰਬਿਕਾ ਸੋਨੀ ਨੂੰ ਦੁਬਾਰਾ ਲਿਆ ਹੈ ਜੋ 2014 ਵਿਚ ਬੁਰੀ ਤਰ੍ਹਾਂ ਆਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਹਾਰ ਗਈ ਸੀ।

ਹਰਿਆਣਾ ਤੋਂ ਚਾਰ ਨੁਮਾਇੰਦੇ ਇਸ ਕਮੇਟੀ ਵਿਚ ਲਏ ਗਏ ਹਨ ਜਿਨ੍ਹਾਂ ਵਿਚ ਰਣਦੀਪ ਸੂਰਜੇਵਾਲਾ, ਕੁਮਾਰੀ ਸ਼ੈਲਜਾ, ਭੁਪਿੰਦਰ ਹੁੱਡਾ ਦਾ ਪੁੱਤਰ, ਰੋਹਤਕ ਤੋਂ ਐਮਪੀ ਦੀਪਇੰਦਰ ਹੁੱਡਾ ਅਤੇ ਕੁਲਦੀਪ ਬਿਸ਼ਨੋਈ ਸ਼ਾਮਲ ਹਨ। ਹਿਮਾਚਲ ਤੋਂ ਵੈਟਰਨ ਲੀਡਰ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਰਾਜਾ ਵੀਰਭੱਦਰ ਨੂੰ ਵੀ ਛੱਡ ਦਿਤਾ ਗਿਆ ਹੈ। ਸੀਨੀਅਰ ਕਾਂਗਰਸੀ ਨੇਤਾਵਾਂ ਨੇ ਇਸ ਕਮੇਟੀ ਦੀ ਨਵੀਂ ਬਣਤਰ 'ਤੇ ਰੋਸ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸਪੱਸ਼ਟ ਕਿਹਾ ਹੈ ਕਿ ਇਸ ਵੱਡੇ ਦੇਸ਼ ਵਿਚ ਸੱਭ ਤੋਂ ਪੁਰਾਣੀ ਤੇ ਧਰਮ ਨਿਰਪੱਖ ਪਾਰਟੀ ਕਾਂਗਰਸ ਦੀ ਵਿਧਾਨ ਸਭਾਵਾਂ ਤੇ ਲੋਕ ਸਭਾ ਵਿਚ ਨੁਮਾਇੰਦਗੀ

ਦੇ ਡਿਗਦੇ ਅਕਸ ਨੂੰ ਬਚਾਉਣ ਵਾਲੇ 78 ਸਾਲਾ ਧਾਕੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਰਾਹੁਲ ਗਾਂਧੀ ਦਾ ਬੇਧਿਆਨੇ ਹੋਣਾ ਜਾਂ ਕੈਪਟਨ ਦੇ ਯੋਗਦਾਨ ਨੂੰ ਦਰਕਿਨਾਰ ਕਰਨਾ ਕਾਂਗਰਸ ਹਾਈ ਕਮਾਂਡ ਨੂੰ ਲੋਕ ਸਭਾ ਚੋਣਾਂ ਵਿਚ ਮਹਿੰਗਾ ਪੈ ਸਕਦਾ ਹੈ। ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਇਨ੍ਹਾਂ ਸੀਨੀਅਰ ਆਗੂਆਂ ਜਿਨ੍ਹਾਂ ਵਿਚ ਦੋ ਮੰਤਰੀ ਵੀ ਸਨ, ਨੇ ਬੇਬਾਕੀ ਨਾਲ ਕਿਹਾ ਕਿ ਛੋਟੇ ਤੇ ਗੁਆਂਢੀ ਰਾਜ ਹਰਿਆਣਾ ਵਿਚ ਕੁਲ 10 ਸੀਟਾਂ ਵਿਚੋਂ ਲੋਕ ਸਭਾ ਲਈ ਇੰਨੀ ਨੁਮਾਇੰਦਗੀ ਨਹੀਂ ਮਿਲ ਸਕਦੀ ਜਿੰਨੀ 13 ਮੈਂਬਰਾਂ ਵਿਚੋਂ ਪੰਜਾਬ 'ਚ ਆਸ ਹੈ। ਮਜ਼ਬੂਤ ਕੈਪਟਨ ਸਰਕਾਰ ਦੇ ਹੁੰਦਿਆਂ ਅੱਠ ਤੋਂ 10 ਤਕ ਸੀਟਾਂ ਮਿਲ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਐਲਾਨੀ ਗਈ ਇਸ ਅਹਿਮ ਕਮੇਟੀ ਵਿਚ 23 ਮੈਂਬਰਾਂ 'ਚ ਰਾਹੁਲ ਗਾਂਧੀ, ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਮੋਤੀ ਲਾਲ ਵੋਹਰਾ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਅੰਬਿਕਾ ਸੋਨੀ, ਆਨੰਦ ਸ਼ਰਮਾ, ਹਰੀਸ਼ ਰਾਵਤ, ਸ਼ੈਲਜਾ ਅਤੇ ਅਸ਼ੋਕ ਗਹਿਲੋਤ ਦੇ ਨਾਂ ਚਮਕ ਰਹੇ ਹਨ ਜਦਕਿ 18 ਪੱਕੇ ਇਨਵਾਈਟੀ 'ਚ ਪੀ. ਚਿਦੰਬਰਮ, ਸ਼ੀਲਾ ਦੀਕਸ਼ਿਤ, ਆਸ਼ਾ ਕੁਮਾਰੀ, ਰਣਦੀਪ ਸੂਰਜੇਵਾਲਾ ਤੇ ਹੋਰਾਂ ਨੂੰ ਸੂਚੀ ਵਿਚ ਪਾਇਆ ਗਿਆ ਹੈ। ਇਸ ਕਮੇਟੀ ਦੀ ਬੈਠਕ ਲਈ ਬਤੌਰ ਵਿਸ਼ੇਸ਼ ਸੱਦਾ ਪੱਤਰ ਦੀ ਸੂਚੀ ਵਿਚ ਹਰਿਆਣਾ ਤੋਂ ਦੋ ਮੈਂਬਰ ਦੀਪਇੰਦਰ ਹੁੱਡਾ ਅਤੇ ਕੁਲਦੀਪ ਬਿਸ਼ਨੋਈ ਨੂੰ ਲਿਆ ਗਿਆ ਹੈ

ਜਦਕਿ ਪੰਜਾਬ ਤੋਂ ਕਿਸੇ ਵੀ ਨੇਤਾ ਨੂੰ ਨਾ ਤਾਂ ਪੱਕੇ ਇਨਵਾਈਟੀ ਵਿਚ ਅਤੇ ਨਾ ਹੀ ਵਿਸ਼ੇਸ਼ ਇਨਵਾਈਟੀ 'ਚ ਪਾਇਆ ਗਿਆ ਹੈ। ਪੰਜਾਬ ਤੋਂ ਪਹਿਲਾਂ ਮਹਿੰਦਰ ਕੇਪੀ, ਜਗਮੀਤ ਬਰਾੜ, ਕੈਪਟਨ ਅਮਰਿੰਦਰ ਸਿੰਘ, ਅਮਰਿੰਦਰ ਰਾਜਾ ਵੜਿੰਗ ਬਤੌਰ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਇਸ ਕਮੇਟੀ ਵਿਚ ਨੁਮਾਇੰਦਗੀ ਕਰਦੇ ਸਨ ਪਰ ਹੁਣ ਇਹ ਨਾਂ-ਮਾਤਰ ਜਾਂ ਸਿਫ਼ਰ ਰਹਿ ਗਈ ਹੈ। ਉਂਜ ਤਾਂ ਭਲਕੇ ਐਤਵਾਰ ਨੂੰ ਸਵੇਰੇ 10:30 ਵਜੇ ਨਵੀਂ ਦਿੱਲੀ ਵਿਚ ਇਸ ਨਵੀਂ ਅਹਿਮ ਕਮੇਟੀ ਦੀ ਪਲੇਠੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਬਤੌਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਤੇ ਦੋ ਸਕੱਤਰਾਂ ਕੁਲਜੀਤ ਨਾਗਰਾ ਅਤੇ ਗੁਰਕੀਰਤ ਕੋਟਲੀ ਨੇ ਹਾਜ਼ਰੀ ਭਰਨੀ ਹੈ

ਪਰ 61 ਮੈਂਬਰੀ ਚੋਟੀ ਦੀ ਇਸ ਕੋਰ ਕਮੇਟੀ ਵਿਚ ਪੰਜਾਬ ਦੇ ਮੋਹਤਬਰ ਲੀਡਰਾਂ ਨੂੰ, ਫ਼ੈਸਲਾਕੁਨ ਗਰੁਪ 'ਚੋਂ ਲਾਂਭੇ ਰਖਣਾ ਰਾਹੁਲ ਗਾਂਧੀ ਲਈ ਭਵਿੱਖ ਵਿਚ ਰੁਕਾਵਟਾਂ ਪੈਦਾ ਕਰ ਸਕਦਾ ਹੈ। ਪੰਜਾਬ ਦੇ ਇਕ ਸੀਨੀਅਰ ਨੇਤਾ ਨੇ ਪੰਡਤ ਨਹਿਰੂ, ਪਟੇਲ, ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ, ਮੋਰਾਰਜੀ ਦੇਸਾਈ, ਰਾਜੀਵ ਗਾਂਧੀ, ਸੋਨੀਆਂ ਗਾਂਧੀ ਵਲੋਂ ਕਾਂਗਰਸ ਅਤੇ ਦੇਸ਼ ਲਈ ਨਿਭਾਈ ਅਹਿਮ ਭੂਮਿਕਾ ਦਾ ਇਤਿਹਾਸ ਸੁਣਾਉਂਦੇ ਹੋਏ ਕਿਹਾ ਕਿ ਅੱਠ ਮਹੀਲੇ ਪਹਿਲਾਂ ਅਪਣੀ ਮਾਤਾ ਤੋਂ ਸੰਭਾਲੀ ਕਮਾਨ ਨਾਲ ਰਾਹੁਲ ਨੇ ਪੰਜਾਬ ਵਿਚ ਸਿੱਖਾਂ ਵਲੋਂ ਨਿਭਾਈ ਭੂਮਿਕਾ ਨੂੰ ਛੋਟਾ ਕਰ ਦਿਤਾ ਹੈ

ਅਤੇ ਆਉਂਦੇ ਦਿਨਾਂ ਵਿਚ ਅਜੇ ਹੋਰ ਬੇ-ਤਰਤੀਬੀ ਤੇ ਅਜੀਬੋ-ਗਰੀਬ ਸਥਿਤੀ ਸਾਹਮਣੇ ਆਵੇਗੀ। ਕੁੱਝ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਹੇਠ ਡੇਢ ਸਾਲ ਪਹਿਲਾਂ ਕੁਲ 117 ਮੈਂਬਰੀ ਪੰਜਾਬ ਵਿਧਾਨ ਸਭਾ 'ਚ ਦੋ ਤਿਹਾਈ ਬਹੁਮਤ ਲੈ ਕੇ ਕਾਂਗਰਸ ਦੀ ਪੁਨਰ ਸੁਰਜੀਤੀ ਕਰਨ ਵਾਲੇ ਨੇਤਾਵਾਂ ਨੂੰ ਹਾਈ ਕਮਾਂਡ ਨੇ ਬੌਣਾ ਕਰ ਦਿਤਾ ਹੈ, ਉਨ੍ਹਾਂ ਦੀ ਯੋਗਤਾ, ਜੋਸ਼, ਹਿੰਮਤ ਅਤੇ ਦੇਸ਼ ਲਈ ਦੁਬਾਰਾ ਚੜ੍ਹਦੀ ਕਲਾ ਵਲ ਲਿਜਾਣ ਦੀ ਰਫ਼ਤਾਰ ਨੂੰ ਰੋਕ ਲਾ ਦਿਤੀ ਹੈ।